ਖ਼ਬਰਾਂ   ਪੰਜਾਬ  01 Dec 2020  ਕੈਪਟਨ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਰਖੇ ਨੀਂਹ ਪੱਥਰ

ਕੈਪਟਨ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਰਖੇ ਨੀਂਹ ਪੱਥਰ

ਏਜੰਸੀ
Published Dec 1, 2020, 1:12 am IST
Updated Dec 1, 2020, 1:12 am IST
ਕੈਪਟਨ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਰਖੇ ਨੀਂਹ ਪੱਥਰ
image
 image

ਕੇਂਦਰ ਸਰਕਾਰ ਕਿਸਾਨ ਤੇ ਅੜ੍ਹਤੀਏ ਦਾ ਰਿਸ਼ਤਾ ਖ਼ਤਮ ਕਰਨ 'ਤੇ ਤੁਲੀ : ਮੁੱਖ ਮੰਤਰੀ

ਸੁਲਤਾਨਪੁਰ ਲੋਧੀ/ਡੇਰਾ ਬਾਬਾ ਨਾਨਕ, 30 ਨਵੰਬਰ (ਹਰਜੀਤ ਸਿੰਘ ਵਿਰਕ/ਹੀਰਾ ਸਿੰਘ ਮਾਂਗਟ) : ਪਵਿੱਤਰ ਨਗਰੀ ਦੇ ਵਿਕਾਸ ਨੂੰ ਨਵੀਆਂ ਸਿਖਰਾਂ 'ਤੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰੀਬ 40.75 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣ ਵਾਲੇ ਛੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ।
ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਉਤੇ ਰੱਖੇ ਸਮਾਰੋਹਾਂ ਵਿਚ ਸਾਮਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 6.5 ਕਰੋੜ ਰੁਪਏ ਦੀ ਲਾਗਤ ਨਾਲ ਕਿਲ੍ਹਾ ਸਰਾਏ ਪ੍ਰਾਜੈਕਟ ਦੀ ਸੰਭਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ ਗਰਿੱਡ ਟਾਈਡ ਰੂਫ਼ ਟਾਪ ਸੋਲਰ ਪਾਵਰ ਪਲਾਂਟ, 9.5 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ, 20 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ, 3 ਕਰੋੜ ਰੁਪਏ ਦੀ ਲਾਗਤ ਨਾਲ ਸਬ ਡਵੀਜਨ ਪ੍ਰਬੰਧਕੀ ਕੰਪਲੈਕਸ ਅਤੇ 45 ਲੱਖ ਰੁਪਏ ਦੀ ਲਾਗਤ ਨਾਲ ਪੰਜ ਸਮਾਰਟ ਆਂਗਨਵਾੜੀ ਕੇਂਦਰਾਂ ਦੀ ਸਥਾਪਨਾ ਜਿਹੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ।
ਇਸ ਮੌਕੇ ਸੰਗਤਾਂ ਨੂੰ ਸ੍ਰੀ ਨਾਨਕ ਦੇਵ ਜੀ ਦੇ 551 ਪ੍ਰਕਾਸ ਦਿਹਾੜੇ ਦੀ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਸ੍ਰੀ ਗੁਰੂ ਨਾਕ ਦੇਵ ਜੀ ਦੀਆਂ ਸਿਖਿਆਵਾਂ ਚੱਲਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦਸਤਾਨ ਤੋਂ ਚੱਲ ਕੇ ਭੁੱਖਿਆਂ ਪੇਟ ਭਰਨ ਲਈ ਥਾਂ-ਥਾਂ 'ਤੇ ਯਾਤਰਾਵਾਂ ਕੀਤੀਆਂ। ਉਨ੍ਹਾਂ ਕੇਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਵਿਚ ਜੋ ਕਿਸਾਨਾਂ ਨਾਲ ਹੋ ਰਿਹਾ ਹੈ, ਉਹ ਬਹੁਤ ਹੀ ਮਾੜੀ ਗੱਲ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿਚ 75 ਫ਼ੀ ਸਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਜਿਸ ਨਾਲ ਉਹ ਮਸਾਂ ਅਪਣੇ ਪਰਵਾਰਾਂ ਦਾ ਪਾਲਣ ਪੋਸਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਆੜ੍ਹਤੀਆਂ ਤੇ ਕਿਸਾਨਾਂ ਦਾ 100 ਸਾਲ ਪੁਰਾਣਾ ਰਿਸ਼ਤਾ ਖ਼ਤਮ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਅਪਣੇ ਹੱਕ ਮੰਗਣ 'ਤੇ ਡਾਂਗਾਂ ਤੇ ਪਾਣੀ ਦੀਆਂ ਵਾਛੜਾਂ ਪੈ ਰਹੀਆਂ ਹਨ ਇਸ ਕਰ ਕੇ ਕਿਸਾਨਾਂ ਅਪਣਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ ।
550ਵੇਂ ਪ੍ਰਕਾਸ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਐਲਾਨੇ ਗਏ ਅਤੇ ਮੁਕੰਮਲ ਕੀਤੇ ਗਏ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 10.8 ਕਰੋੜ ਰੁਪਏ ਦੀ ਲਾਗਤ ਨਾਲ ਪਵਿੱਤਰ ਕਾਲੀ ਵੇਈਂ ਦੇ ਸੁੰਦਰੀਕਰਨ ਦਾ ਕਾਰਜ ਮੁਕੰਮਲ ਕੀਤਾ ਗਿਆ ਜਦੋਂਕਿ 319 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਜੀ ਸੈਂਟਰ ਫ਼ਾਰ ਇਨੋਵੇਸਨ, ਇਨਕਿਊਬੇਸਨ ਐਂਡ ਟ੍ਰੇਨਿੰਗ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦਸਿਆ ਕਿ ਇਸ ਸਮੇਂ ਦੌਰਾਨ ਇਸ ਖੇਤਰ ਵਿਚ ਲੜਕੀਆਂ ਲਈ ਬੇਬੇ ਨਾਨਕੀ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ 30.7 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਛੇ ਸੜਕਾਂ ਨੂੰ ਚੌੜਾ ਕਰਨ ਅਤੇ ਉਸਾਰੀ ਦਾ ਕਾਰਜ ਮੁਕੰਮਲ ਕਰਨ ਦੇ ਨਾਲ ਨਾਲ ਸੰਗਤ ਅਤੇ ਹੋਰ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਨੇਪਰੇ ਚਾੜ੍ਹਿਆ ਗਿਆ।    
ਗੁਰਦਵਾਰਾ ਬੇਰ ਸਾਹਿਬ ਵਲ ਸ਼ਰਧਾਲੂਆਂ ਦੇ ਆਉਣ-ਜਾਣ ਨੂੰ ਸੁਖਾਲਾ ਬਣਾਉਣ ਦੇ ਇਕ ਹੋਰ ਕਦਮ ਵਜੋਂ ਪਵਿੱਤਰ ਵੇਈਂ 'ਤੇ 9.30 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਉਚ-ਪਧਰੀ ਪੁਲਾਂ ਦਾ ਨਿਰਮਾਣ ਕੀਤਾ ਗਿਆ। ਇਸ ਦੇ ਨਾਲ ਹੀ ਪਵਿੱਤਰ ਵੇਈਂ 'ਤੇ ਦੋ ਫੁੱਟ ਉਵਰ ਬ੍ਰਿਜਾਂ (1.4 ਕਰੋੜ ਰੁਪਏ) ਅਤੇ ਦੋ ਪਨਟੂਨ ਪੁੱਲਾਂ (2 ਕਰੋੜ ਰੁਪਏ) ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਇਲਾਵਾ 2.4 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਆਰਾਮ ਘਰ (ਰੈਸਟ ਹਾਊਸ) ਦਾ ਨਿਰਮਾਣ ਕੀਤਾ ਗਿਆ ਹੈ, ਜਦੋਂਕਿ 6 ਕਰੋੜ ਰੁਪਏ ਬੱਸ ਅੱਡੇ ਦੇ ਨਵੀਨੀਕਰਨ 'ਤੇ ਖ਼ਰਚ ਕੀਤੇ ਗਏ ਅਤੇ 11 ਕਰੋੜ ਰੁਪਏ ਦੀ ਲਾਗਤ ਨਾਲ 66 ਕੇ.ਵੀ ਸਬ ਸਟੇਸ਼ਨ ਸਥਾਪਤ ਕੀਤਾ ਗਿਆ।
ਸੁਲਤਾਨਪੁਰ ਲੋਧੀ ਵਿਖੇ ਸਮਾਰੋਹਾਂ ਵਿਚ ਸ਼ਿਰਕਤ ਕਰਨ ਉਪਰੰਤ ਪਹਿਲੀ ਪਾਤਸਾਹੀ ਨਾਲ ਸਬੰਧਤ ਇਕ ਹੋਰ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਮੈਂਬਰ ਪਰਨੀਤ ਕੌਰ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਵਾਲੇ ਲੋਕਾਂ 63 ਪਿੰਡ ਅਤੇ 14 ਕਸਬਿਆਂ ਵਿਚ ਸ਼ੁਰੂ ਕੀਤੇ ਸਾਰੇ ਪ੍ਰਾਜੈਕਟ (77 ਕਰੋੜ ਰੁਪਏ) ਲੋਕਾਂ ਨੂੰ ਸਮਰਪਤ ਕੀਤੇ ਗਏ।
ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਵਿਰਾਸਤੀ ਮਾਰਗ (3 ਕਰੋੜ ਰੁਪਏ), 100 ਏਕੜ ਵਿਚ ਬਣਨ ਵਾਲੀ ਗੁਰੂ ਨਾਨਕ ਦੇਵ ਗੰਨਾ ਖੋਜ ਅਤੇ ਵਿਕਾਸ ਸੰਸਥਾ ਕਲਾਨੌਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਜਾਇਬ ਘਰ ਅਤੇ ਘੰਟਾ ਘਰ (80 ਲੱਖ ਰੁਪਏ) ਦਾ ਨੀਂਹ ਪੱਥਰ ਵੀ ਰਖਿਆ ਗਿਆ।
ਡੇਰਾ ਬਾਬਾ ਨਾਨਕ ਹਲਕੇ ਵਿਚ ਗੰਨਾ ਖੋਜ ਸੰਸਥਾ ਸਮੇਤ ਸਾਰੇ ਵਿਕਾਸ ਪ੍ਰਾਜੈਕਟਾਂ ਲਈ ਮੁੱਖ ਮੰਤਰੀ ਦਾ ਧਨਵਾਦ ਕਰਦਿਆਂ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸੰਸਥਾ ਗੰਨਾ ਉਤਪਾਦਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ। ਇਸ ਤੋਂ ਇਲਾਵਾ ਵਿਰਾਸਤੀ ਮਾਰਗ ਧਾਰਮਕ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰੇਗਾ ਅਤੇ ਖਿੱਤੇ ਦੀ ਨੁਹਾਰ ਬਦਲ ਦੇਵੇਗਾ।
ਤਸਵੀਰਾਂ: ਹੀਰਾ ਸਿੰਘ ਮਾਂਗਟ01

Advertisement