
ਕੈਪਟਨ ਨਾਲ ਗਿਲੇ ਸ਼ਿਕਵੇ ਦੂਰ ਹੋ ਗਏ ਹਨ : ਖੱਟਰ
ਕਿਹਾ, ਪਹਿਲਾਂ ਕੈਪਟਨ ਗ਼ਲਤ ਪਾਰਟੀ ਵਿਚ ਸਨ ਤੇ ਹੁਣ ਸਹੀ ਪਾਰਟੀ 'ਚ ਆ ਗਏ ਹਨ
ਚੰਡੀਗੜ੍ਹ, 30 ਨਵੰਬਰ (ਗੁਰਉਪਦੇਸ਼ ਭੁੱਲਰ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਹਨ |
ਬੀਤੇ ਦਿਨੀਂ ਖੇਤੀ ਕਾਨੂੰਨ ਸੰਸਦ ਵਿਚ ਵਾਪਸ ਲੈਣ ਦਾ ਬਿਲ ਪਾਸ ਹੋਣ ਬਾਅਦ ਕੈਪਟਨ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮਿਲੇ ਸਨ,ਜਦਕਿ ਕੈਪਟਨ ਦੇ ਮੁੱਖ ਮੰਤਰੀ ਹੋਣ ਸਮੇਂ ਦੋਹਾਂ ਦੀ ਆਪਸ ਵਿਚ ਨਹੀਂ ਸੀ ਬਣਦੀ | ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਖੱਟਰ ਦਾ ਬਿਆਨ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾ ਸਕਦਾ ਹੈ | ਇਸ ਤੋਂ ਸਾਫ਼ ਹੈ ਕਿ ਕੈਪਟਨ ਤੇ ਭਾਜਪਾ ਗਠਜੋੜ ਦੇ ਗਠਨ ਲਈ ਹੁਣ ਸਹੀ ਤਰੀਕੇ ਨਾਲ ਗੱਲ ਸ਼ੁਰੂ ਹੋ ਚੁੱਕੀ ਹੈ | ਖੱਟਰ ਨੇ ਅੱਜ ਕਿਹਾ ਕਿ ਹੁਣ ਕੈਪਟਨ ਸਹੀ ਪਾਰਟੀ ਵਿਚ ਆ ਗਏ ਹਨ ਅਤੇ ਪਹਿਲਾਂ ਗ਼ਲਤ ਪਾਰਟੀ ਵਿਚ ਸਨ ਜਿਸ ਕਰ ਕੇ ਕੁੱਝ ਵਖਰੇਵੇਂ ਸਨ ਪਰ ਨਿਜੀ ਤੌਰ 'ਤੇ ਉਦੋਂ ਵੀ ਕੋਈ ਝਗੜਾ ਨਹੀਂ ਸੀ | ਉਨ੍ਹਾਂ ਕਿਹਾ ਕਿ ਭਾਵੇਂ ਬੀਤੇ ਦਿਨੀਂ ਕੈਪਟਨ ਨਾਲ ਮੁਲਾਕਾਤ ਸਿਸ਼ਟਾਚਾਰ ਦੇ ਨਾਤੇ ਹੀ ਸੀ ਪਰ ਦੋਵੇਂ ਰਾਜਾਂ ਦੇ ਮਾਮਲਿਆਂ ਨੂੰ ਲੈ ਕੇ ਗ਼ੈਰ ਰਸਮੀ ਸੰਖੇਪ ਗੱਲਬਾਤ ਹੋਈ ਹੈ |
ਪਤਾ ਲੱਗਾ ਹੈ ਕਿ ਕੈਪਟਨ ਨੇ ਮੁਲਾਕਾਤ ਦੌਰਾਨ ਵਿਸ਼ੇਸ਼ ਤੌਰ 'ਤੇ ਸੂਬੇ ਵਿਚ ਸੰਘਰਸ਼ ਦੌਰਾਨ ਬਣੇ ਹਜ਼ਾਰਾਂ ਕੇਸ ਵਾਪਸ ਲੈਣ ਦੀ ਸਲਾਹ ਦਿਤੀ ਸੀ | ਇਕ ਅੰਦਾਜ਼ੇ ਮੁਤਾਬਕ 40 ਹਜ਼ਾਰ ਤੋਂ ਵੱਧ ਕਿਸਾਨਾਂ 'ਤੇ ਕੇਸ ਇਕੱਠੇ ਹਰਿਆਣਾ ਸੂਬੇ ਵਿਚ ਹਨ | ਕੈਪਟਨ ਦੀ ਖੱਟਰ ਨਾਲ ਮੁਲਾਕਾਤ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ | ਅੱਜ ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਵਿਚ ਬਣੇ ਕਿਸਾਨਾਂ ਉਪਰ ਕੇਸਾਂ ਨੂੰ ਵਾਪਸ ਲੈਣ ਲਈ ਪਹਿਲੀ ਦਸੰਬਰ ਨੂੰ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਵਿਚ ਗੱਲਬਾਤ ਲਈ ਸੱਦ ਲਿਆ ਹੈ |