ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਦੀ ਪੰਜਾਬ ਯਾਤਰਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਾਫ਼ੀ...
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਦੀ ਪੰਜਾਬ ਯਾਤਰਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਾਫ਼ੀ ਉਮੀਦਾਂ ਹਨ। ਬੀਤੇ ਦਿਨੀਂ ਤਿੰਨ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਕਿਸਾਨ ਕਰਜ਼ ਮਾਫ਼ੀ ਦਾ ਮੁੱਦਾ ਅਗਲੀਆਂ ਲੋਕ ਸਭਾ ਚੋਣਾਂ ਵਿਚ ਮੁੱਖ ਮੁੱਦਾ ਬਣ ਸਕਦਾ ਹੈ। ਇਸ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਰਕਾਰ ਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੇ ਅਨਾਜ ਕਟੋਰੇ ‘ਚੋਂ ਕੋਈ ਵੱਡਾ ਐਲਾਨ ਕਰ ਸਕਦੇ ਹਨ।
ਪਿਛਲੇ ਹਫ਼ਤੇ ਹੀ ਧਰਮਸ਼ਾਲਾ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿਚ ਕਿਸੇ ਵੀ ਕਿਸਾਨ ਦਾ ਕਰਜ਼ ਮਾਫ਼ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਭੱਖ ਗਈ ਸੀ ਅਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਉਤੇ ਹਮਲਾ ਕੀਤਾ ਸੀ। ਸੂਬਾ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ 2019 ਦੀਆਂ ਚੋਣਾਂ ਨੂੰ ਵੇਖਦੇ ਹੋਏ ਕਿਸਾਨਾਂ ਦੀ ਕਰਜ਼ ਮਾਫ਼ੀ ਸਬੰਧੀ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਨੂੰ ਵੀ ਇਸ ਤੋਂ ਵੱਡੀ ਰਾਹਤ ਮਿਲੇਗੀ।
ਪੰਜਾਬ ਸਰਕਾਰ ਨੇ ਕਰਜ਼ ਮਾਫ਼ੀ ਯੋਜਨਾ ਨੂੰ ਅਪਣੇ ਬਜਟ ਦੇ ਮਾਧਿਅਮ ਨਾਲ ਲਾਗੂ ਕੀਤਾ ਹੈ। ਕੇਂਦਰ ਦੇ ਕਦਮ ਚੁੱਕਣ ਨਾਲ ਪੰਜਾਬ ਸਰਕਾਰ ਨੂੰ ਫ਼ਾਇਦਾ ਹੋਵੇਗਾ। ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਸਾਂਸਦੀ ਹਲਕੇ ਗੁਰਦਾਸਪੁਰ ਵਿਚ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਬਾਰਡਰ ਸਟੇਟ ਐਲਾਨ ਕਰਕੇ ਪ੍ਰਧਾਨ ਮੰਤਰੀ ਕਿਸੇ ਵੱਡੀ ਇੰਡਸਟਰੀ ਦਾ ਐਲਾਨ ਕਰਨ ਅਤੇ ਉਦਯੋਗਾਂ ਲਈ ਪੈਕੇਜ ਦੇਣ।
ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਬਟਾਲਾ ਵਰਗੇ ਪੁਰਾਣੇ ਉਦਯੋਗਿਕ ਸ਼ਹਿਰਾਂ ਲਈ ਸਮਾਨ ਕਿਰਾਇਆ ਸਬਸਿਡੀ ਦਾ ਐਲਾਨ ਕਰਕੇ ਰਾਹਤ ਦੇਣ। ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਵਲੋਂ ਫੂਡ ਅਕਾਉਂਟ ਦੇ 31 ਹਜ਼ਾਰ ਕਰੋੜ ਰੁਪਏ ਨੂੰ ਕਰਜ਼ ਵਿਚ ਬਦਲਣ ਦੇ ਮਾਮਲੇ ਵਿਚ ਵੀ ਪ੍ਰਧਾਨ ਮੰਤਰੀ ਰਾਹਤ ਦੇ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਵਿਚ ਪੀਐਮ ਤੋਂ ਇਲਾਵਾ ਖ਼ਜ਼ਾਨਾ-ਮੰਤਰੀ ਅਰੁਣ ਜੇਤਲੀ ਨੂੰ ਜਾਣੂ ਕਰਵਾ ਚੁੱਕੇ ਹਨ।
ਪ੍ਰਧਾਨ ਮੰਤਰੀ ਦੀ ਧੰਨਵਾਦ ਰੈਲੀ ਬਾਰੇ ਜਾਖੜ ਨੇ ਕਿਹਾ ਕਿ ਭਾਜਪਾ ਨੇ ਲੰਗਰ ਉਤੇ ਹਟਾਏ ਗਏ ਜੀਐਸਟੀ ਨੂੰ ਮੁੱਦਾ ਬਣਾਇਆ ਹੈ। ਮੇਰਾ ਭਾਜਪਾ ਲੀਡਰਸ਼ਿਪ ਤੋਂ ਕੇਵਲ ਇੰਨਾ ਸਵਾਲ ਹੈ ਕਿ ਇਹ ਜੀਐਸਟੀ ਲੰਗਰ ਉਤੇ ਲਗਾਇਆ ਕਿਸ ਨੇ ਸੀ? ਜਾਖੜ ਨੇ ਗੁਜਰਾਤ ਵਿਚ ਪੰਜਾਬੀਆਂ ਨੂੰ ਦਿਤੀ ਗਈ ਜ਼ਮੀਨ ਦਾ ਮੁੱਦਾ ਫਿਰ ਚੁੱਕਿਆ। ਉਨ੍ਹਾਂ ਨੇ ਅਕਾਲੀ ਲੀਡਰਸ਼ਿਪ ਉਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਤੋਂ ਇਸ ਮਾਮਲੇ ਵਿਚ ਜਵਾਬ ਲੈ ਕੇ ਹੀ ਸਟੇਜ ਤੋਂ ਹੇਠਾਂ ਉੱਤਰਣ।