
ਆਲੂ ਉਤਪਾਤਕਾਂ ਨੂੰ ਭਾੜੇ ਲਈ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ 5 ਕਰੋੜ ਰੁਪਏ ਜਾਰੀ
ਚੰਡੀਗੜ੍ਹ : ਸੂਬੇ ਦੇ ਸੰਕਟ ਵਿਚ ਘਿਰੇ ਆਲੂ ਉਤਪਾਦਕਾਂ ਦੀ ਮਦਦ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਬਾਹਰ ਅਪਣੀ ਫ਼ਸਲ ਦੇ ਮੰਡੀਕਰਨ ਵਾਸਤੇ ਆਲੂ ਉਤਪਾਤਕਾਂ ਨੂੰ ਫ਼ਸਲ ਦੀ ਢੋਆ-ਢੁਆਈ ਵਾਸਤੇ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ 5 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ਦਿਤੇ ਹਨ। ਆਲੂ ਉਤਪਾਤਕ ਕਿਸਾਨਾਂ ਦੇ ਸਮਰਥਨ ਵਿਚ ਸਿਲਸਿਲੇਵਾਰ ਕਦਮ ਚੁਕਣ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਆਲੂ ਉਤਪਾਦਕਾਂ ਦੀ ਮਦਦ ਵਾਸਤੇ ਹਰ ਸੰਭਵ ਕਦਮ ਚੁਕਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿਤੇ ਹਨ
Potato Crop
ਤਾਂ ਜੋ ਉਹ ਅਪਣੀ ਫ਼ਸਲ ਦਾ ਵਧੀਆ ਭਾਅ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਭਾੜਾ ਸਬਸਿਡੀ ਦੀ ਮਦਦ ਨਾਲ ਆਲੂ ਦੀ ਫ਼ਸਲ ਦੀ ਬਰਾਮਦ ਵਾਸਤੇ ਕਦਮ ਚੁੱਕਣ ਲਈ ਵੀ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿਤੇ ਹਨ। ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ ਢੋਆ-ਢੁਆਈ ਸਬੰਧੀ ਸਬਸਿਡੀ ਜਾਰੀ ਕਰ ਰਹੀ ਹੈ। ਮੁੱਖ ਮੰਤਰੀ ਨੇ ਮਿਡ-ਡੇ-ਮੀਲ ਅਤੇ ਆਂਗਣਵਾੜੀ ਵਿਚ ਤਿਆਰ ਕੀਤੇ ਜਾ ਰਹੇ ਭੋਜਨ ਵਿਚ ਵਰਤੋਂ ਲਈ ਕਿਸਾਨਾਂ ਤੋਂ ਆਲੂਆਂ ਦੀ ਸਿੱਧੀ ਖਰੀਦ ਕਰਨ ਵਾਸਤੇ ਸਕੂਲ ਸਿੱਖਿਆ ਅਤੇ ਜੇਲ੍ਹ ਵਿਭਾਗਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕੀਤੇ ਹੋਏ ਹਨ।
ਕਿਸਾਨ ਭਾਈਚਾਰੇ ਦੀ ਕੋਈ ਵੀ ਮਦਦ ਕਰਨ ਵਿਚ ਕੇਂਦਰ ਸਰਕਾਰ ਦੇ ਅਸਫ਼ਲ ਰਹਿਣ ਦੇ ਨਤੀਜੇ ਵੱਜੋਂ ਆਲੂ ਉਤਪਾਤਕਾਂ ਦੇ ਸੰਕਟ ਵਿਚ ਘਿਰਣ 'ਤੇ ਮੁੱਖ ਮੰਤਰੀ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਪੰਜਾਬ ਵਿਚ ਹਰ ਸਾਲ ਤਕਰੀਬਨ ਇਕ ਲੱਖ ਹੈਕਟਅਰ ਰਕਬੇ 'ਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਜਿਸ ਨਾਲ ਤਕਰੀਬਨ 25 ਲੱਖ ਟਨ ਦਾ ਉਤਪਾਦਨ ਹੁੰਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਆਲੂ ਦਾ ਭਾਅ ਘੱਟਣ ਕਾਰਨ ਆਲੂ ਉਤਪਾਦਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
Potato Crop
ਮੁੱਖ ਮੰਤਰੀ ਨੇ ਆਲੂ ਉਤਪਾਤਕਾਂ ਦੀ ਮਦਦ ਵਾਸਤੇ ਉਦਯੋਗ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਦੇ ਅਨੁਸਾਰ ਇਸਕੋਨ, ਬਾਲਾਜੀ ਫੂਡਜ਼ ਲਿ. ਅਤੇ ਗੋਦਰੇਜ ਟਾਈਸਨ ਫੂਡਜ਼ ਲਿ. ਨਾਂ ਦੇ ਆਲੂ ਪ੍ਰਾਸੈਸਿੰਗ ਦੇ 2 ਪਲਾਂਟ ਛੇਤੀ ਹੀ ਆਲੂਆਂ ਦੀ ਪ੍ਰਾਸੈਸਿੰਗ ਸ਼ੁਰੂ ਕਰ ਦੇਣਗੇ। ਇਨ੍ਹਾਂ ਦਾ ਟੀਚਾ ਇਸ ਸੀਜ਼ਨ ਦੌਰਾਨ ਤਕਰੀਬਨ 35000 ਟਨ ਦੀ ਪ੍ਰਾਸੈਸਿੰਗ ਕਰਨ ਦਾ ਹੈ।