
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੋਕਸਮੈਨ ਟੀਵੀ 'ਤੇ ਇੰਟਰਵਿਊ ਦੌਰਾਨ ਅਕਾਲੀ-ਭਾਜਪਾ ਗਠਜੋੜ ਬਾਰੇ ਦਸਿਆ ਕਿ ਬਟੇਰੇ ਭਾਵੇਂ.....
ਚੰਡੀਗੜ੍ਹ (ਸਪੋਕਸਮੈਨ ਬਿਊਰੋ): ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੋਕਸਮੈਨ ਟੀਵੀ 'ਤੇ ਇੰਟਰਵਿਊ ਦੌਰਾਨ ਅਕਾਲੀ-ਭਾਜਪਾ ਗਠਜੋੜ ਬਾਰੇ ਦਸਿਆ ਕਿ ਬਟੇਰੇ ਭਾਵੇਂ ਲੜਦੇ ਨੇ ਪਰ ਪਿਛੇ ਹੱਥ ਸਿਆਣਿਆਂ ਬੰਦਿਆਂ ਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੂੰ ਪਤਾ ਹੈ ਕਿ ਉਨ੍ਹਾਂ ਦੀ ਪੰਜਾਬ ਵਿਚ ਹੁਣ ਬੁਰੀ ਹਾਲਤ ਹੋ ਚੁੱਕੀ ਹੈ ਅਤੇ ਪਿਛਲੇ ਕੀਤੇ ਗ਼ਲਤ ਕੰਮਾਂ ਕਰਕੇ ਉਨ੍ਹਾਂ ਦਾ ਗ੍ਰਾਫ਼ ਹੁਣ ਹੇਠਾਂ ਡਿੱਗ ਪਿਆ ਹੈ। ਇਸ ਲਈ ਉਹ ਹੁਣ ਧਾਰਮਕ ਮੁੱਦੇ ਚੁੱਕ ਰਹੇ ਹਨ।
ਉਨ੍ਹਾਂ ਕਿਹਾ ਕਿ 2-3 ਮਹੀਨੇ ਪਾਰਲੀਮੈਂਟ ਸੈਸ਼ਨ ਦੇ ਰਹਿ ਗਏ ਹਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜਾਣ ਬੁੱਝ ਕੇ ਹੁਣ ਕਿਸੇ ਮੁੱਦੇ ਨੂੰ ਚੁੱਕ ਕੇ ਅਸਤੀਫ਼ਾ ਦੇਵੇਗੀ ਤਾਂ ਜੋ ਉਹ ਸਿੱਖਾਂ ਵਿਚ ਮਹਾਨ ਬਣ ਸਕੇ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਹੁਣ ਕਈ ਤਰ੍ਹਾਂ ਦੇ ਪਾਖੰਡ ਵੀ ਕਰੇਗਾ ਜਿਸ ਨਾਲ ਉਹ ਸਿੱਖਾਂ ਨੂੰ ਗੁਮਰਾਹ ਕਰ ਸਕਣ। ਕੁਲਬੀਰ ਜ਼ੀਰਾ ਵਲੋਂ ਸੁਖਬੀਰ ਨੂੰ ਡੋਪ ਟੈਸਟ ਦੇ ਖੁਲ੍ਹੇ ਚੈਲਜ਼ ਬਾਰੇ ਦਸਦੇ ਹੋਏ ਕਿਹਾ ਕਿ ਜੇਕਰ ਸੁਖਬੀਰ ਸਹੀ ਸੀ ਤਾਂ ਕਿਤੋਂ ਹੋਰ ਵੀ ਡੋਪ ਟੈਸਟ ਕਰਕੇ ਖ਼ੁਦ ਨੂੰ ਸਾਬਤ ਕਰ ਸਕਦੇ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।
ਭਗਵੰਤ ਮਾਨ ਨੂੰ 'ਆਪ' ਦੀ ਕਮਾਨ ਮੁੜ ਸੌਂਪਣ 'ਤੇ ਬੋਲਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਭਗਵੰਤ ਮਾਨ ਨੂੰ 'ਆਪ' ਦੀ ਕਮਾਨ ਫਿਰ ਤੋਂ ਸੌਂਪ ਦਿਤੀ ਗਈ ਹੈ ਕਿਉਂਕਿ ਉਹ ਅਪਣੀ ਪਾਰਟੀ ਵਿਚ ਬਹੁਤ ਨਿਪੁੰਨ ਤਰੀਕੇ ਨਾਲ ਕੰਮ ਕਰ ਰਹੇ ਹਨ। ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ਸਿਰਫ਼ ਸਿਆਸਤ ਕੀਤੀ ਜਾ ਰਹੀ ਹੈ ਪਰ ਲਾਂਘਾ ਖੁਲ੍ਹਵਾਉਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਅੱਜ ਕਰਤਾਰਪੁਰ ਲਾਂਘਾ ਖੁਲ੍ਹ ਰਿਹਾ ਹੈ।
ਬ੍ਰਹਮਪੁਰਾ ਨੇ ਦਸਿਆ ਕਿ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਉਮੀਦਵਾਰ ਖੜ੍ਹੇ ਕਰਨ ਦਾ ਅਜੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਪਰ ਉਹ ਖ਼ੁਦ ਨਹੀਂ ਚੋਣ ਲੜਨਗੇ। ਉਨ੍ਹਾਂ ਦੀ ਜਗ੍ਹਾਂ ਉਹ ਕਿਸੇ ਨੂੰ ਖੜਾ ਕਰਨਗੇ।