
ਬਜਟ ਨੂੰ ਦੇਸ਼ ਹਿਤ ਤੇ ਲੋਕ ਪੱਖੀ ਦਸਿਆ
ਚੰਡੀਗੜ੍ਹ : ਕੇਂਦਰੀ ਬਜਟ ਬਾਰੇ ਵਿਰੋਧ-ਪ੍ਰਤੀਰੋਧ ਭਰੀਆਂ ਸੁਰਾਂ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਜਿੱਥੇ ਵਿਰੋਧੀ ਧਿਰਾਂ ਇਸ ਨੂੰ ਦੇਸ਼ ਅਤੇ ਲੋਕਾਂ ਨਾਲ ਧੋਖਾ ਕਰਾਰ ਦੇ ਰਹੀਆਂ ਹਨ, ਉਥੇ ਸੱਤਾਧਾਰੀ ਧਿਰ ਅਤੇ ਸਹਿਯੋਗੀ ਦਲ ਬਜਟ ਲੋਕਪੱਖੀ ਕਰਾਰ ਦਿੰਦਿਆਂ ਗੁਣਗਾਣ ਕਰ ਰਹੇ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਹ ਬਜਟ ਕਾਫ਼ੀ ਰਾਸ ਆਇਆ ਹੈ। ਸੁਖਬੀਰ ਬਾਦਲ ਅਨੁਸਾਰ ਇਹ ਬਜਟ ਡਿਜੀਟਲੀਕਰਨ, ਬੁਨਿਆਦੀ ਢਾਂਚੇ ਤੇ ਇੰਡਸਟਰੀ ਨੂੰ ਹੁਲਾਰਾ ਦੇਣ ਵਾਲਾ ਹੈ ਜੋ ਉੱਚੀ ਜੀਡੀਪੀ ਹਾਸਿਲ ਕਰਨ ਜ਼ਮੀਨ ਤਿਆਰ ਕਰੇਗਾ।
Photo
ਬਜਟ ਵਿਚ ਖੇਤੀ ਸੈਕਟਰ ਲਈ 15 ਲੱਖ ਕਰੋੜ ਰੱਖੇ ਜਾਣ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ 6 ਕਰੋੜ ਕਿਸਾਨਾਂ ਨੂੰ ਬੀਮੇ ਦੀ ਦਿਤੀ ਸਹੂਲਤ ਨਾਲ ਡੁੱਬ ਰਹੀ ਕਿਸਾਨੀ ਨੂੰ ਵੱਡੀ ਰਾਹਤ ਮਿਲੇਗੀ।
Photo
ਉਨ੍ਹਾਂ ਬਜਟ ਵਿਚ ਮੱਛੀ ਪਾਲਣ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਲਈ ਦਿਤੀਆਂ ਸਹੂਲਤਾਂ ਨੂੰ ਵੀ ਸਰਾਹਿਆ। ਇਸ ਤੋਂ ਇਲਾਵਾ ਉਨ੍ਹਾਂ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀ ਭਲਾਈ ਲਈ ਬਜਟ 'ਚ 85 ਹਜ਼ਾਰ ਕਰੋੜ ਰੁਪਏ ਰੱਖਣ ਤੋਂ ਇਲਾਵਾ ਪੰਜ ਲੱਖ ਤੋਂ ਵਧੇਰੇ ਛੋਟੇ ਕਾਰਰੋਬਾਰੀਆਂ ਨੂੰ ਰਿਹਾਇਤੀ ਕਰਜ਼ੇ ਦੇਣ ਦੇ ਫ਼ੈਸਲੇ ਦਾ ਸਵਾਗਤ ਵੀ ਕੀਤਾ।
Photo
ਉਨ੍ਹਾਂ ਕਿਹਾ ਕਿ ਇਕ ਲੱਖ ਗਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਦੀ ਸਹੂਲਤ ਦੇਣ ਨਾਲ ਪਿੰਡਾਂ ਦੇ ਡਿਜੀਟਲੀਕਰਨ ਵਿਚ ਮਦਦ ਮਿਲੇਗੀ। ਇਸ ਫ਼ੈਸਲੇ ਨਾਲ ਪਿੰਡਾਂ ਵਿਚਲੇ ਵੱਡੀ ਗਿਣਤੀ ਨੌਜਵਾਨਾਂ ਨੂੰ ਫ਼ਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੇਂ ਆਰਥਿਕ ਲਾਂਘੇ ਬਣਾ ਕੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਵੀ ਲਾਹੇਵੰਦਾ ਸਾਬਤ ਹੋਵੇਗਾ।
Photo
ਇਸੇ ਤਰ੍ਹਾਂ ਉਨ੍ਹਾਂ ਬਜਟ ਵਿਚ ਇਸਤਰੀਆਂ ਨਾਲ ਸਬੰਧਤ ਪ੍ਰੋਗਰਾਮਾਂ ਲਈ 28,600 ਕਰੋੜ ਰੁਪਏ ਰਾਖਵੇਂ ਰੱਖਣ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਕਾਜ ਨੂੰ ਪਾਰਦਰਸ਼ੀ ਬਣਾਉਣ ਤੋਂ ਇਲਾਵਾ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਰਾਖਵਾਂ ਬਜਟ ਰੱਖਣ ਵਰਗੇ ਕਦਮ ਕਾਫ਼ੀ ਸ਼ਲਾਘਾਯੋਗ ਹਨ ਜੋ ਆਉਂਦੇ ਸਮੇਂ 'ਚ ਦੇਸ਼ ਤੇ ਲੋਕਾਂ ਲਈ ਲਾਹੇਵੰਦ ਹੋਣਗੇ।