
ਪੰਜਾਬ ਦੇ ਪ੍ਰਮੁੱਖ ਉਮੀਦਵਾਰਾਂ ਵਿਚ ਅਰਬਪਤੀ ਤੇ ਕਰੋੜਪਤੀ ਵੀ
ਸੁਖਬੀਰ ਬਾਦਲ, ਰਾਣਾ ਗੁਰਜੀਤ ਤੇ ਕੁਲਵੰਤ ਸਿੰਘ ਅਰਬਪਤੀ
ਚੰਡੀਗੜ੍ਹ, 1 ਫ਼ਰਵਰੀ (ਭੁੱਲਰ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਬਹੁਤੇ ਪ੍ਰਮੁੱਖ ਉਮੀਦਵਾਰ ਕਰੋੜਪਤੀ ਹਨ ਅਤੇ ਕਈ ਅਰਬਪਤੀ ਵੀ ਹਨ | ਕੁੱਝ ਪ੍ਰਮੱੁਖ ਉਮੀਦਵਾਰਾਂ ਵਲੋਂ ਅਪਣੇ ਕਾਗ਼ਜ਼ ਭਰਨ ਸਮੇਂ ਚੋਣ ਕਮਿਸ਼ਨ ਨੂੰ ਦਿਤੇ ਹਲਫ਼ੀਆ ਬਿਆਨਾਂ ਵਿਚ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਸਾਹਮਣੇ ਆਏ ਹਨ |
ਜ਼ਿਕਰਯੋਗ ਹੈ ਕਿ ਬਾਦਲਾਂ ਦੀ ਜਾਇਦਾਦ ਸੱਤਾ ਵਿਚੋਂ ਬਾਹਰ ਹੋਣ ਦੇ ਬਾਵਜੂਦ ਵਧੀ ਹੈ ਜਦਕਿ ਮੁੰਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਜੋ ਮੰਤਰੀ ਬਣਨ ਸਮੇਂ ਵੱਧ ਸੀ ਉਲਟਾ ਮੁੱਖ ਮੰਤਰੀ ਬਣਨ ਸਮੇਂ ਘੱਟ ਗਈ ਹੈ | ਕੁੱਝ ਆਗੂਆਂ ਦੀ ਜਾਇਦਾਦ ਘਟਣ ਦਾ ਇਕ ਕਾਰਨ ਉਨ੍ਹਾਂ ਵਲੋਂ
ਅਪਣੀ ਕੁਲ ਜਾਇਦਾਦ ਨੂੰ ਪ੍ਰਵਾਰ ਦੇ ਮੈਂਬਰਾਂ ਵਿਚ ਵੰਡ ਕੇ ਹਲਫ਼ੀਆ ਬਿਆਨ ਵਿਚ ਦਰਜ ਕਰਨਾ ਹੈ | ਵੈਸੇ ਕੋਈ ਅਜਿਹਾ ਵੱਡਾ ਨੇਤਾ ਨਹੀਂ ਹੋਵੇਗਾ ਜਿਸ ਦੀ ਜਾਇਦਾਦ ਘਟੀ ਹੋਵੇ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦਨ ਦੇ ਅੰਕੜਿਆਂ ਮੁਤਾਬਕ ਉਨ੍ਹਾਂ ਦੀ ਕੁਲ ਚਲ ਤੇ ਅਚੱਲ ਜਾਇਦਾਦ ਇਸ ਸਮੇਂ 2022 ਦੀਆਂ ਚੋਣਾਂ ਵਿਚ ਦਿਤੇ ਹਲਫ਼ੀਆ ਬਿਆਨ ਮੁਤਾਬਕ 9.45 ਕਰੋੜ ਹੈ | ਇਹ 2017 ਵਿਚ 14.46 ਕਰੋੜ ਸੀ ਅਤੇ 88.36 ਲੱਖ ਦੀ ਦੇਣਦਾਰੀ ਹੈ |
ਸਾਬਕਾ ਮੁੰਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਸਮੇਂ ਕੁਲ ਜਾਇਦਾਦ 15011 ਕਰੋੜ ਹੈ ਜੋ 2017 ਵਿਚ 14.49 ਕਰੋੜ ਰੁਪਏ ਸੀ | 2.74 ਕਰੋੜ ਦੀ ਦੇਣਦਾਰੀ ਹੈ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਰਬਪਤੀ ਉਮੀਦਵਾਰਾਂ ਵਿਚ ਹਨ | ਉਨ੍ਹਾਂ ਦੀ ਕੁਲ ਜਾਇਦਾਦ ਇਸ ਸਮੇਂ 202.61 ਕਰੋੜ ਹੈ | ਇਸ ਵਿਚ 80.74 ਕਰੋੜ ਚਲ ਤੇ 121.87 ਕਰੋੜ ਰੁਪਏ ਅਚੱਲ ਜਾਇਦਾਦ ਹੈ | ਇਸੇ ਤਰ੍ਹਾਂ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਵੀ ਅਰਬਪਤੀ ਹਨ | ਉਨ੍ਹਾਂ ਦੀ ਇਸ ਸਮੇਂ ਕੁਲ ਜਾਇਦਾਦ 125.66 ਕਰੋੜ ਰੁਪਏ ਹੈ, ਜੋ 2017 ਵਿਚ 169 ਕਰੋੜ ਰੁਪਏ ਸੀ | 58 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ 2017 ਵਿਚ 46.84 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ ਇਸ ਸਮੇਂ 68.72 ਕਰੋੜ ਰੁਪਏ ਦੀ ਹੈ | 6 ਕਰੋੜ ਚਲ ਤੇ 5605 ਕਰੋੜ ਅਚੱਲ ਜਾਇਦਾਦ ਹੈ | 9.26 ਕਰੋੜ ਦੀਆਂ ਦੇਣਦਾਰੀਆਂ ਹਨ | ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿੰਦਰ ਸੂਦ ਦੀ ਕੁਲ ਜਾਇਦਾਦ 1.24 ਕਰੋੜ ਰੁਪਏ ਹੈ | ਇਸ 'ਚ 45 ਲੱਖ ਚੱਲ ਅਤੇ 79 ਲੱਖ ਦੀ ਅਚੱਲ ਜਾਇਦਾਦ ਹੈ | ਅੰਮਿ੍ਤਸਰ ਤੋਂ ਆਪ ਉਮੀਦਵਾਰ ਕੁੰਵਰਵਿਜੇ ਪ੍ਰਤਾਪ ਸਿੰਘ ਦੀ ਕੁਲ ਜਾਇਦਾਦ 2.04 ਕਰੋੜ ਰੁਪਏ ਹੈ | ਇਸ 'ਚ 1.08 ਕਰੋੜ ਚੱਲ ਅਤੇ 90 ਲੱਖ ਅਚੱਲ ਜਾਇਦਾਦ ਹੈ | 12 ਲੱਖ ਦੀਆਂ ਦੇਣਦਾਰੀਆਂ ਹਨ | ਮੋਹਾਲੀ ਤੇ ਖਰੜ ਹਲਕੇ ਦੇ ਕਰੋੜਪਤੀ ਤੇ ਅਰਬਪਤੀ ਉਮੀਦਵਾਰ ਵੀ ਹਨ | ਮੋਹਾਲੀ ਹਲਕੇ ਤੋਂ 'ਆਪ' ਦੇ ਉਮੀਦਵਾਰ ਕੁਲਵੰਤ ਸਿੰਘ ਦੀ ਕੁਲ ਜਾਇਦਾਦ 250 ਕਰੋੜ ਦੀ ਹੈ, ਜੋ 2014 'ਚ 139 ਕਰੋੜ ਸੀ | ਖਰੜ ਤੋਂ ਉਮੀਦਵਾਰ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਦੀ ਕੁਲ ਜਾਇਦਾਦ ਇਸ ਸਮੇਂ 74 ਕਰੋੜ ਰੁਪਏ ਹੈ, ਜੋ 2017 'ਚ 29 ਕਰੋੜ ਰੁਪਏ ਸੀ | ਮੋਹਾਲੀ ਤੋਂ ਕਾਂਗਰਸ ਦੇ ਬਲਵੀਰ ਸਿੱਧੂ ਦੀ ਇਸ ਸਮੇਂ 45 ਕਰੋੜ ਦੀ ਕੁੱਲ ਜਾਇਦਾਦ ਹੈ ਜਦਕਿ 2017 'ਚ 17 ਕਰੋੜ ਰੁਪਏ ਸੀ |