
ਬਾਰ੍ਹਵੀਂ ਜਮਾਤ ਦੀ ਪਾਠ ਪੁਸਤਕ ਵਿਚ ਸ਼ਹੀਦ ਊਧਮ ਸਿੰਘ ਬਾਰੇ ਲਿਖੇ ਪਹਿਰੇ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ
ਤਰਨਤਾਰਨ, 2 ਮਈ (ਚਰਨਜੀਤ ਸਿੰਘ): ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚੋਂ ਪੰਜਾਬੀਆਂ ਤੇ ਸਿੱਖਾਂ ਦੇ ਰੋਲ ਨੂੰ ਮਨਫ਼ੀ ਕਰਨ ਦੀਆਂ ਚੱਲ ਰਹੀਆਂ ਸਾਜ਼ਸ਼ਾਂ ਦੀ ਕੜੀ ਵਿਚ ਇਕ ਹੋਰ ਕੜੀ ਜੁੜ ਗਈ ਹੈ। ਬਾਰ੍ਹਵੀਂ ਜਮਾਤ ਦੀ ਪਾਠ ਪੁਸਤਕ ਵਿਚ ਸ਼ਹੀਦ ਊਧਮ ਸਿੰਘ ਬਾਰੇ ਲਿਖੇ ਪਹਿਰੇ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਇਹ ਸੱਭ ਕਿਸੇ ਗੰਭੀਰ ਸਾਜ਼ਸ਼ ਤਹਿਤ ਕੀਤਾ ਜਾ ਰਿਹਾ ਹੈ ਤੇ ਇਸ ਹਮਾਮ ਵਿਚ ਸਾਰੇ ਹੀ ਰਾਜਨੀਤਕ ਨੰਗੇ ਹਨ। ਕਿਤਾਬ ਮੁਤਾਬਕ ਸ਼ਹੀਦ ਊਧਮ ਸਿੰਘ ਨੇ ਅੰਗਰੇਜ਼ੀ ਅਦਾਲਤ ਵਿਚ ਕੇਸ ਦੀ ਪੈਰਵਾਈ ਦੌਰਾਨ ਵਾਰਸ ਸ਼ਾਹ ਦੀ ਹੀਰ ਦੀ ਸੌਂਹ ਚੁੱਕ ਕੇ ਅਪਣਾ ਪੱਖ ਰਖਿਆ ਸੀ।
Heer
ਕਿਤਾਬ ਮੁਤਾਬਕ ਅਜਿਹਾ ਉਸ ਨੇ ਧਾਰਮਕ ਪਛਾਣ ਖ਼ਤਮ ਕਰਨ ਤੇ ਪੰਜਾਬੀ ਪਛਾਣ ਨੂੰ ਦ੍ਰਿੜ ਕਰਨ ਲਈ ਕੀਤਾ। ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਯੋਗਦਾਨ ਹੈ। ਉਨ੍ਹਾਂ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਜੋ ਕੁੱਝ ਕੀਤਾ ਉਹ ਲਾ ਮਿਸਾਲ ਹੈ। ਸ਼ਹੀਦ ਊਧਮ ਸਿੰਘ ਨੇ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਦੋਸ਼ੀ ਮਾਈਕਲ ਓਡਵਾਇਰ ਨੂੰ 1940 ਵਿਚ ਲੰਡਨ ਵਿਚ ਜਾ ਕੇ ਗੋਲੀ ਮਾਰੀ ਸੀ। ਅੰਗਰੇਜ਼ ਹਕੂਮਤ ਨੇ ਸ਼ਹੀਦ ਊਧਮ ਸਿੰਘ ਤੇ ਇਕ ਕੇਸ ਚਲਾਇਆ ਤੇ ਉਨ੍ਹਾਂ ਨੂੰ ਲੰਡਨ ਵਿਚ ਹੀ ਫਾਂਸੀ ਦੇ ਦਿਤੀ ਗਈ ਸੀ।