
ਬੱਸਾਂ ਲੈ ਕੇ ਗਏ ਡਰਾਈਵਰ ਅਤੇ ਸੁਰੱਖਿਆ ਮੁਲਾਜ਼ਮ ਵੀ ਹੋਏ ਪਰਵਾਰਾਂ ਤੋਂ ਦੂਰ
ਚੰਡੀਗੜ੍ਹ, 1 ਮਈ (ਗੁਰਉਪਦੇਸ਼ ਭੁੱਲਰ) : ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 3000 ਤੋਂ ਵਧ ਸਿੱਖ ਸ਼ਰਧਾਲੂ ਜੋ ਕਿ ਮਾਰਚ ਮਹੀਨੇ ਵਿਚ ਲਾਕਡਾਊਨ ਕਾਰਨ ਉਥੇ ਅਟਕੇ ਹੋਏ ਸਨ, ਸਰਕਾਰਾਂ ਅਤੇ ਪ੍ਰਸ਼ਾਸ਼ਨ ਦੀਆਂ ਲਾਪਰਵਾਹੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ। ਇਹ ਯਾਤਰੂ ਨਿਰਦੋਸ਼ ਹਨ ਜਿਨ੍ਹਾਂ ਨੂੰ ਕੁਝ ਵੀ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੇ ਘੇਰ ਲਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਚੱਲਣ ਸਮੇਂ ਕਿਸੇ ਸ਼ਰਧਾਲੂ ਵਿਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸਨ।
ਇਸ ਕਰ ਕੇ ਉਨ੍ਹਾਂ ਨੇ ਤਾਂ ਸੋਚਿਆ ਵੀ ਨਹੀਂ ਹੋਣਾ ਕਿ ਇੰਨੀ ਵੱਡੀ ਮੁਸੀਬਤ ਵਿਚ ਫਸ ਜਾਣਗੇ। ਸ਼ਰਧਾਲੂ ਹੀ ਨਹੀਂ ਇਨ੍ਹਾਂ ਨੂੰ ਪੰਜਾਬ ਤੋਂ ਬੱਸਾਂ ਵਿਚ ਲੈਣ ਗਏ ਸੈਂਕੜੇ ਰੋਡਵੇਜ਼ ਅਤੇ ਸੁਰੱਖਿਆ ਸਟਾਫ਼ ਦੇ ਕਰਮਚਾਰੀ ਵੀ ਬਿਨਾ ਕਿਸੇ ਕਾਰਨ ਭਲਾਈ ਕਰਨ ਗਏ ਕੋਰੋਨਾ ਕਹਿਰ ਦੇ ਚਪੇਟ ਵਿਚ ਆ ਕੇ ਅਪਣੇ ਪਰਵਾਰਾਂ ਤੋਂ 21 ਦਿਨ ਲਈ ਵੱਖ ਹੋ ਗਏ ਹਨ। ਭਾਵੇਂ ਸਰਕਾਰਾਂ ਇਕ ਦੂਜੇ ਨੂੰ ਲਾਪਰਵਾਹੀਆਂ ਲਈ ਜ਼ਿੰਮੇਵਾਰ ਠਹਿਰਾ ਰਹੀਆਂ ਹਨ ਪਰ ਲਾਪਰਵਾਹੀ ਕਿਸੇ ਇਕ ਦੀ ਨਹੀਂ ਬਲਕਿ ਦੋਵੇਂ ਪਾਸਿਆਂ ਤੋਂ ਪ੍ਰਬੰਧਾਂ ਵਿਚ ਕੋਤਾਹੀ ਹੋਈ ਹੈ।
ਜਿਥੇ ਮਹਾਂਰਾਸ਼ਟਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇੰਨੀ ਵੱਡੀ ਗਿਣਤੀ ਵਿਚ ਯਾਤਰੂਆਂ ਦੇ ਲਾਕਡਾਊਨ ਵਿਚ ਫਸਣ ਬਾਅਦ ਉਨ੍ਹਾਂ ਦੇ ਟੈਸਟ ਕਾਰਵਾਉਂਦੀ ਕਿਉਂਕਿ ਮਹਾਂਰਾਸ਼ਟਰ ਵਿਚ ਕੋਰੋਨਾ ਦਾ ਸੱਭ ਤੋਂ ਵੱਡਾ ਕਹਿਰ ਹੈ। ਉਥੇ ਦੂਜੇ ਪਾਸੇ ਪੰਜਾਬ ਤੋਂ ਪਹਿਲੀਆਂ 10 ਬੱਸਾਂ ਭੇਜਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਵਧਾਨਹਆਂ ਦਾ ਖ਼ਿਆਲ ਨਹੀਂ ਰੱਖਿਆ ਅਤੇ ਇਨ੍ਹਾਂ ਵਲੋਂ ਪ੍ਰਬੰਧ ਤਹਿਤ ਸ਼ਰਧਾਲੂਆਂ ਨੂੰ ਲੈ ਕੇ ਆਈਆਂ ਪਹਿਲੀਆਂ 10 ਬੱਸਾਂ ਵਿਚ ਨਿਯਮਾਂ ਦੇ ਉਲਟ ਜ਼ਿਆਦਾ ਯਾਤਰੂ ਸਨ ਅਤੇ ਦੂਜੀ ਦਾ ਖ਼ਿਆਲ ਨਹੀਂ ਰਖਿਆ ਗਿਆ।
File photo
ਭਾਵੇਂ ਇਨ੍ਹਾਂ ਬੱਸਾਂ ਦੀ ਵਾਪਸੀ ਸਮੇਂ ਅਕਾਲੀ ਦਲ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਆਗੂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦਾ ਸਿਹਰਾ ਲੈਣ ਲਈ ਖ਼ੂਬ ਬਿਆਨਬਾਜ਼ੀ ਕਰ ਰਹੇ ਸਨ, ਪ੍ਰੰਤੂ ਉਹ ਹੁਣ ਜ਼ਿਆਦਾ ਬੋਲਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਅਕਾਲੀ ਆਗੂਆਂ ਦੀ ਭੂਮਿਕਾ 'ਤੇ ਵੀ ਸਵਾਲ ਉਠ ਰਹੇ ਹਨ।
ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਸੀ ਕਿ ਸ੍ਰੀ ਹਜ਼ੂਰ ਸਾਹਿਬ ਬੱਸਾਂ ਨਾਲ ਡਾਕਟਰੀ ਟੀਮ ਭੇਜੀ ਜਾਂਦੀ ਅਤੇ ਇਸ ਤੋਂ ਬਾਅਦ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਵੀ ਲਾਪਰਵਾਹੀ ਵਰਤਦਿਆਂ ਪਹਿਲੀਆਂ 10 ਬੱਸਾਂ ਜਿਨ੍ਹਾਂ ਵਿਚ ਸੈਂਕੜੇ ਸ਼ਰਧਾਲੂ ਸਨ, ਬਿਨਾਂ ਉਨ੍ਹਾਂ ਦੇ ਟੈਸਟ ਕਰਵਾਏ ਅਤੇ ਏਕਾਂਤਵਾਸ ਦੇ ਨਿਯਮਾਂ ਦੀ ਅਣਦੇਖੀ ਕਰਦਿਆਂ ਸਿੱਧੇ ਘਰਾਂ ਨੂੰ ਜਾਣ ਦਿਤਾ।
ਤਰਨਤਾਰਨ ਵਿਚ ਸ਼ਰਧਾਲੂਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਅਤੇ ਸਰਕਾਰ ਨੂੰ ਲਾਪਰਵਾਹੀ ਦਾ ਅਹਿਸਾਸ ਹੋਇਆ ਅਤੇ ਸੂਬੇ ਦੀਆਂ ਹੱਦਾਂ 'ਤੇ ਹੀ ਬਾਕੀ ਸ਼ਰਧਾਲੂਆਂ ਨੂੰ ਰੋਕ ਕੇ ਟੈਸਟ ਅਤੇ ਇਕਾਂਤਵਾਸ ਦਾ ਕੰਮ ਸ਼ੁਰੂ ਕੀਤਾ ਗਿਆ। 3000 ਤੋਂ ਵੱਧ ਸ਼ਰਧਾਲੂਆਂ ਦੇ ਸੈਂਪਲਾਂ ਦੀਆਂ ਰੀਪੋਰਟਾਂ ਵਿਚ 20 ਫ਼ੀ ਸਦੀ ਤਕ ਪਾਜ਼ੇਟਿਵ ਕੇਸ ਆ ਰਹੇ ਹਨ। ਅੱਜ ਦੇਰ ਰਾਤ ਤਕ ਇਨ੍ਹਾਂ ਦੀ ਗਿਣਤੀ 200 ਦੇ ਕਰੀਬ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਰਕਾਰ ਦੇ ਪ੍ਰਬੰਧਾਂ ਦੀਆਂ ਖ਼ਾਮੀਆਂ ਵੀ ਸਾਹਮਣੇ ਆ ਗਈਆਂ ਹਨ।
ਹਾਲੇ ਤਾਂ ਸੈਂਕੜੇ ਕੇਸ ਹਨ ਅਤੇ ਜੇ ਹਜ਼ਾਰਾਂ ਵਿਚ ਹੋ ਗਏ ਤਾਂ ਕੀ ਬਣੇਗਾ? ਬੱਸਾਂ ਨਾਲ ਗਏ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੇ ਡਰਾਇਵਰਾਂ ਨੇ ਇਕਾਂਤਵਾਸ ਦੇ ਅਤਿ ਮਾੜੇ ਪ੍ਰਬੰਧਾਂ ਅਤੇ ਸਹੂਲਤਾਂ ਦੀ ਕਮੀ ਦਾ ਖੁਲਾਸਾ ਕੀਤਾ ਹੈ। ਕਈ ਯਾਤਰੂ ਵੀ ਰੋ ਰਹੇ ਹਨ ਕਿ ਉਨ੍ਹਾਂ ਨੂੰ ਤਾਂ ਕੋਈ ਲੱਛਣ ਵੀ ਨਹੀਂ ਸੀ ਤੇ ਗ਼ਲਤੀ ਸਰਕਾਰਾਂ ਦੀ ਹੈ ਪਰ ਹੁਣ ਉਨ੍ਹਾਂ ਨੂੰ ਇਕਾਂਤਵਾਸ ਵਿਚ ਖਾਣ ਪੀਣ ਅਤੇ ਰਹਿਣ ਦੇ ਵੀ ਪੂਰੇ ਪ੍ਰਬੰਧ ਨਹੀਂ ਅਤੇ ਅਜਿਹੇ ਮਾਹੌਲ ਵਿਚ ਤਾਂ ਚੰਗੇ ਭਲੇ ਵੀ ਬੀਮਾਰ ਹੋ ਜਾਣਗੇ