
ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਂਸਦ ਸੁਨੀਲ ਜਾਖੜ ਵਲੋਂ ਗੁਰਦਾਸਪੁਰ ਤੇ ਪਟਾਨਕੋਟ ਵਿਖੇ ਤਿੰਨ ਨਵੇਂ ਅੰਡਰ ਬ੍ਰਿਜ਼ ਦੇ ਉਸਾਰੀ ਦੇ ਕੰਮ ਜਲਦ ਸ਼ਰੂ..............
ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਂਸਦ ਸੁਨੀਲ ਜਾਖੜ ਵਲੋਂ ਗੁਰਦਾਸਪੁਰ ਤੇ ਪਟਾਨਕੋਟ ਵਿਖੇ ਤਿੰਨ ਨਵੇਂ ਅੰਡਰ ਬ੍ਰਿਜ਼ ਦੇ ਉਸਾਰੀ ਦੇ ਕੰਮ ਜਲਦ ਸ਼ਰੂ ਕਰਵਾਉਣ ਲਈ ਰੇਲਵੇ ਰਾਜ ਮੰਤਰੀ ਰਾਜਨ ਗੋਹੀਆਂ ਗਈ ਨਾਲ ਮੁਲਾਕਾਤ ਕੀਤੀ। ਇਸ ਸਬੰਧ ਵਿਚ ਨਵੀਂ ਦਿੱਲੀ ਵਿਖੇ ਰੇਲ ਰਾਜ ਮੰਤਰੀ ਰਾਜਨ ਗੋਹੀਆਂ ਨਾਲ ਮੁਲਾਕਾਤ ਕਰ ਕੇ ਗੁਰਦਾਸਪੁਰ ਦੇ ਸਾਂਸਦ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਦੇ ਤਿੱਬੜੀ ਰੋਡ 'ਤੇ ਰੇਲਵੇ ਦੀ ਕਰਾਸਿੰਗ ਐਸ.ਪੀ.ਐਲ.-52/ਈ.-3 ਤੇ ਅੰਡਰ ਬ੍ਰਿਜ ਦੀ ਉਸਾਰੀ ਦੇ ਕੰਮ ਜਲਦ ਸ਼ੁਰੂ ਕਰਨ ਲਈ ਕਿਹਾ।
ਉਨ੍ਹਾਂ ਦਸਿਆ ਕਿ 24 ਅਪ੍ਰੈਲ 2018 ਨੂੰ ਸਪੈਸ਼ਲ ਸੈਕਰਟਰੀ ਪਬਲਿਕ ਵਰਕਸ ਪੰਜਾਬ ਸਰਕਾਰ ਵਲੋਂ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਨਾਲ ਇਸ ਉਸਾਰੀ ਲਈ ਸਹਿਮਤੀ ਲੈ ਲਈ ਗਈ ਸੀ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਇਸ ਪੁਲ ਦੀ ਉਸਾਰੀ ਦੇ ਨਾਲ ਨਾਲ ਰੇਲਵੇ ਵਿਭਾਗ ਨਾਲ ਸੰਬੰਧਤ ਕੰਮ ਦਾ ਵੀ ਸਾਰਾ ਖ਼ਰਚ ਉਠਾਉਣ ਲਈ ਤਿਆਰ ਹੈ। ਇਸ ਲਈ ਉਸਾਰੀ ਲਈ ਜਲਦ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਦਸਿਆ ਕਿ ਕਿ ਇਥੇ ਲਗਾਤਾਰ ਫਾਟਕ ਬੰਦ ਰਹਿਣ ਕਾਰਨ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪ੍ਰੇਸ਼ਾਨ ਹੁੰਦੇ ਹਨ। ਸ਼ਹਿਰ ਦੇ ਬਹੁਤ ਸਾਰੇ ਸਕੂਲ, ਕਾਲਜ ਅਤੇ ਹੋਰ ਅਦਾਰੇ ਫ਼ਾਟਕ ਦੇ ਪਾਰ ਹਨ।
ਫਾਟਕ ਦੇ ਵਾਰ ਵਾਰ ਬੰਦ ਹੋਣ ਕਾਰਨ ਇਥੇ ਅਕਸਰ ਜਾਮ ਲੱਗਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਤ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਥੇ ਅੰਡਰਬ੍ਰਿਜ਼ ਬਣ ਜਾਵੇ ਤਾਂ ਇਸ ਮੁਸ਼ਕਲ ਦਾ ਹੱਲ ਸੰਭਵ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੇ ਰੇਲਵੇ ਕਰਾਸਿੰਗ ਐਸ.ਪੀ.ਐਲ/4/ਟੀ.-2 ਤੇ ਵੀ ਅੰਡਰਬ੍ਰਿਜ਼ ਬਣਾਉਣ ਦਾ ਕੰਮ ਵੀ ਜਲਦ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਇਸ ਪੁਲ ਦੀ ਉਸਾਰੀ ਵਿਚ 50 ਫ਼ੀ ਸਦੀ ਖ਼ਰਚ ਚੁੱਕਣ ਲਈ ਤਿਆਰ ਹੈ , ਇਸ ਲਈ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ਦਿਤੀਆਂ ਜਾਣ।
ਇਸੇ ਤਰ੍ਹਾਂ ਜਾਖੜ ਨੇ ਪਠਾਨਕੋਟ ਜ਼ਿਲ੍ਹੇ ਵਿਚ ਨੋਲੰਗਾ/ਮੀਰਥੱਲ ਵਿਖੇ ਅੰਡਰਬ੍ਰਿਜ਼ ਉਸਾਰੀ ਦੇ ਕੰਮ ਜਲਦ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਇਸ ਸਬੰਧੀ ਸੈਕਰਟਰੀ ਪਬਲਿਕ ਵਰਕਸ ਪੰਜਾਬ ਸਰਕਾਰ ਵਲੋਂ ਰੇਲਵੇ ਵਿਭਾਗ ਦੇ ਜਨਰਲ ਮੈਨੇਜਰ ਨਾਲ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਬ੍ਰਿਜ਼ ਦੀ ਉਸਾਰੀ ਦੇ ਨਾਲ ਰੇਲਵੇ ਵਿਭਾਗ ਨਾਲ ਸੰਬਧਿਤ ਕੰਮਾਂ ਦਾ ਸਾਰਾ ਖ਼ਰਚ ਚੁੱਕਣ ਲਈ ਤਿਆਰ ਹੈ।
ਇਸ ਲਈ ਸਬੰਧਤ ਵਿਭਾਗ ਨੂੰ ਇਸ ਦੀ ਉਸਾਰੀ ਦੇ ਕੰਮ ਜਲਦ ਕਰਵਾਉਣ ਦੇ ਨਿਰਦੇਸ਼ ਦਿਤੇ ਜਾਣ। ਇਸ ਮੌਕੇ ਰੇਲਵੇ ਰਾਜ ਮੰਤਰੀ ਰਾਜਨ ਗੋਹੀਆਂ ਨੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਵਿਚ ਜਲਦ ਕਾਰਵਾਈ ਮੁਕੰਮਲ ਕਰਨ।