
ਸਰਕਾਰੀ ਕਾਲਜ਼ 'ਚ ਪੜਦੇ ਦਲਿਤ ਵਿਦਿਆਰਥੀਆਂ ਤੋਂ ਪੀ.ਟੀ.ਏ ਫੰਡ ਲੈਣ ਦਾ ਮਾਮਲਾ ਗਰਮਾ ਗਿਆ ਹੈ.............
ਬਠਿੰਡਾ : ਸਰਕਾਰੀ ਕਾਲਜ਼ 'ਚ ਪੜਦੇ ਦਲਿਤ ਵਿਦਿਆਰਥੀਆਂ ਤੋਂ ਪੀ.ਟੀ.ਏ ਫੰਡ ਲੈਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧ ਵਿਚ ਜਿੱਥੇ ਫ਼ਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ਼ 'ਚ ਪੰਜਾਬ ਸਟੂਡੈਂਟ ਯੂਨੀਅਨ ਦੁਆਰਾ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ, ਉਥੇ ਅੱਜ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ਼ ਦੇ ਵਿਦਿਆਰਥੀਆਂ ਦੁਆਰਾ ਵੀ ਪੀ.ਐਸ.ਯੂ ਦੇ ਝੰਡੇ ਹੇਠ ਰੋਸ਼ ਮਾਰਚ ਕਰਨ ਤੋਂ ਬਾਅਦ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾ ਕੇ ਰੋਸ਼ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੀ ਕਾਲਜ਼ ਇਕਾਈ ਦੀ ਪ੍ਰਧਾਨ ਸੰਗੀਤਾ ਰਾਣੀ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ
ਕਿ ਕੇਂਦਰ ਸਰਕਾਰ ਦੁਆਰਾ ਦੇਸ ਦੇ ਕਿਸੇ ਵੀ ਵਿਦਿਅਕ ਸੰਸਥਾ ਵਿਚ ਪੜਦੇ ਦਲਿਤ ਵਿਦਿਆਰਥੀਆਂ ਤੋਂ ਕੋਈ ਵੀ ਫ਼ੀਸ ਤੇ ਫੰਡ ਲੈਣ ਉਪਰ ਰੋਕ ਲਗਾਉਣ ਦੇ ਬਾਵਜੂਦ ਪੰਜਾਬ ਦੇ ਡੀ.ਪੀ.ਆਈ ਕਾਲਜ਼ਿਜ ਦੁਆਰਾ ਇੱਕ ਪੱਤਰ ਜਾਰੀ ਕਰਕੇ ਸਰਕਾਰੀ ਕਾਲਜ਼ਾਂ ਨੂੰ ਦਲਿਤ ਵਿਦਿਆਰਥੀਆਂ ਤੋਂ ਪੀ.ਟੀ.ਏ ਫੰਡ ਉਗਰਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਵਿਦਿਆਰਥੀ ਆਗੂ ਨੇ ਇਸ ਪੱਤਰ ਨੂੰ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਸਰਕਾਰ ਨੂੰ ਉਕਤ ਅਧਿਕਾਰੀ ਵਿਰੁਧ ਐਸ.ਟੀ./ਐਸ.ਸੀ ਐਕਟ ਤਹਿਤ ਕੇਸ ਦਰਜ਼ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਯੂਨੀਅਨ ਦੁਆਰਾ ਤਿਆਰ ਕੀਤੇ ਮੰਗ ਪੱਤਰ ਨੂੰ ਥਾਣਾ ਸਿਵਲ ਲਾਈਨ ਦੇ ਮੁਖੀ ਨੇ ਪ੍ਰਾਪਤ ਕੀਤਾ।