
ਜ਼ਮੀਨ ਦੇ ਹੇਠਾਂ ਦਬਾ ਕੇ ਰੱਖੀ ਗਈ ਸੀ ਹੈਰੋਇਨ
ਲੁਧਿਆਣਾ : ਲੁਧਿਆਣਾ ਰੇਂਜ ਦੀ ਐਸ.ਟੀ.ਐਫ਼. ਨੇ ਫ਼ਿਰੋਜ਼ਪੁਰ ਦੇ ਸਰਹੱਦੀ ਇਲਾਕੇ ਤੋਂ ਸਾਢੇ ਚਾਰ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਉਨ੍ਹਾਂ ਨੇ ਨਸ਼ੇ ਦੀ ਇਹ ਖੇਪ ਗੁਪਤ ਸੂਚਨਾ ਦੇ ਆਧਾਰ 'ਤੇ ਬਰਾਮਦ ਕੀਤੀ ਹੈ, ਜਿਹੜੀ ਕਿ ਜ਼ਮੀਨ ਦੇ ਹੇਠਾਂ ਦਬਾ ਕੇ ਰੱਖੀ ਗਈ ਸੀ। ਕੌਮਾਂਤਰੀ ਬਾਜ਼ਾਰ 'ਚ ਫੜੀ ਗਈ ਇਸ ਹੈਰੋਇਨ ਦੀ ਕੀਮਤ 22 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ।
Punjab: Over 4.5 kg heroin recovered near Indo-Pak border
ਇਸ ਸਬੰਧੀ ਐਸ.ਟੀ.ਐਫ਼. ਲੁਧਿਆਣਾ-ਫ਼ਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦਸਿਆ ਕਿ ਪੁਲਿਸ ਨੇ ਬੀ.ਐਸ.ਐਫ਼ ਨਾਲ ਮਿਲ ਕੇ ਭਾਰਤ ਪਾਕਿਸਤਾਨ ਬਾਰਡਰ ਕੋਲ ਕੰਡਿਆਲੀ ਤਾਰ ਪਾਰ ਬੁਰਜੀ ਨੰਬਰ 206/6 ਦੇ ਨੇੜੇ ਪਾਕਿਸਤਾਨ ਤੋਂ ਲਿਆਂਦੀ ਹੈਰੋਇਨ ਦੀ ਵੱਡੀ ਖੇਪ ਕਸ਼ਮੀਰ ਸਿੰਘ ਪੁੱਤਰ ਸਾਹਿਬ ਸਿੰਘ ਦੇ ਖੇਤ ਵਿਚੋਂ ਕੱਢੀ ਹੈ, ਜਿਸ ਦਾ ਵਜ਼ਨ 4 ਕਿੱਲੋ 510 ਗ੍ਰਾਮ ਨਿਕਲਿਆ। ਦੂਜੇ ਪਾਸੇ ਇਸ ਮਾਮਲੇ ਵਿਚ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ, ਜਿਸ ਦੇ ਚੱਲਦੇ ਪੁਲਸ ਮੁਲਜ਼ਮਾਂ ਦੀ ਤਲਾਸ਼ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਬਾਬਤ ਮੋਹਾਲੀ ਐੱਸ. ਟੀ. ਐੱਫ. ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
Heroin
ਐਸਟੀਐਫ਼ ਦੇ ਏਆਈਜੀ ਸਨੇਹਦੀਪ ਸ਼ਰਮਾ, ਐਸਟੀਐਫ਼ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਅਤੇ ਐਸਐਸਪੀ ਜਗਰਾਉਂ ਸੰਦੀਪ ਗੋਇਲ ਨੇ ਦਸਿਆ ਕਿ ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲੀ ਕਿ ਪਾਕਿਸਤਾਨ ਦੇ ਨਸ਼ਾ ਤਸਕਰ ਮੋਬਾਈਲ ਫ਼ੋਨ 'ਤੇ ਵ੍ਹਟਸਐਪ ਜ਼ਰੀਏ ਸੰਪਰਕ ਕਰ ਕੇ ਭਾਰੀ ਮਾਤਰਾ 'ਚ ਹੈਰੋਇਨ ਭੇਜ ਰਹੇ ਹਨ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।