
ਹਾਥਰਸ ਤੋਂ ਬਾਅਦ ਬਲਰਾਮਪੁਰ 'ਚ ਦਲਿਤ ਲੜਕੀ ਨਾਲ ਬਲਾਤਕਾਰ, ਕਮਰ ਤੇ ਲੱਤਾਂ ਤੋੜੀਆਂ, ਮੌਤ
ਲਖ਼ਨਉ, 1 ਅਕਤੂਬਰ : ਹਥਰਾਸ ਪੀੜਤਾ ਦਾ ਸੀਵਾ ਅਜੇ ਠੰਡਾ ਨਹੀਂ ਸੀ ਹੋਇਆ ਤੇ ਬਲਰਾਮਪੁਰ ਜ਼ਿਲ੍ਹੇ ਦੇ ਗਨਸਦੀ ਖੇਤਰ ਵਿਚ ਇਕ ਦਲਿਤ ਲੜਕੀ ਨਾਲ ਸਮੂਹਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਗਈ। ਜਾਣਕਾਰੀ ਅਨੁਸਾਰ ਪਹਿਲਾਂ ਤਾਂ ਇਕ 22 ਸਾਲਾ ਵਿਦਿਆਰਥਣ ਨੂੰ ਅਗਵਾ ਕੀਤਾ ਗਿਆ। ਫਿਰ ਉਸ ਨੂੰ ਨਸ਼ੇ ਦਾ ਟੀਕਾ ਲਗਾ ਕੇ ਨਸ਼ੇ ਦੀ ਹਾਲਤ 'ਚ ਵਿਦਿਆਰਥਣ ਨਾਲ 2 ਮੁਲਜ਼ਮਾਂ ਨੇ ਬਲਾਤਕਾਰ ਕੀਤਾ। ਲੜਕੀ ਦੀ ਹਾਲਤ ਇੰਨੀ ਵਿਗੜ ਗਈ ਕਿ ਉਸਦੀ ਮੌਤ ਹੋ ਗਈ। ਪੁਲਿਸ ਨੇ ਸਾਹਿਲ ਅਤੇ ਸ਼ਾਹਿਦ ਨਾਮ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਵਿਰੁਧ ਸਮੂਹਕ ਜਬਰ ਜਿਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਮੰਗਲਵਾਰ ਸਵੇਰੇ 10 ਵਜੇ ਕਾਲਜ ਫ਼ੀਸਾਂ ਜਮਾਂ ਕਰਨ ਲਈ ਘਰੋਂ ਗਈ ਸੀ, ਸ਼ਾਮ ਤਕ ਵਾਪਸ ਨਾ ਪਰਤੀ। ਪਰਵਾਰਕ ਮੈਂਬਰਾਂ ਨੇ ਉਸ ਨੂੰ ਫ਼ੋਨ ਕੀਤਾ, ਪਰ ਉਸਦਾ ਫ਼ੋਨ ਬੰਦ ਸੀ। ਲੜਕੀ ਸ਼ਾਮ 7 ਵਜੇ ਦੇ ਕਰੀਬ ਗੰਭੀਰ ਹਾਲਤ ਵਿਚ ਰਿਕਸ਼ੇ ਰਾਹੀਂ ਘਰ ਪਹੁੰਚੀ। ਲੜਕੀ ਬੇਹੋਸ਼ੀ ਦੀ ਹਾਲਤ ਵਿਚ ਸੀ, ਤੇ ਬੋਲਣ ਵਿਚ ਵੀ ਅਸਮਰਥ ਸੀ, ਪਰਵਾਰ ਵਾਲੇ ਉਸ ਨੂੰ ਤੁਰੰਤ ਡਾਕਟਰ ਕੋਲ ਲੈ ਗਏ। ਡਾਕਟਰ ਦੇ ਕਹਿਣ 'ਤੇ ਪਰਵਾਰਕ ਮੈਂਬਰ ਲੜਕੀ ਨੂੰ ਲਖਨਉ ਲੈ ਗਏ ਪਰ ਰਸਤੇ ਵਿਚ ਹੀ ਲੜਕੀ ਦੀ ਮੌਤ ਹੋ ਗਈ।