
ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ : ਮਨਪ੍ਰੀਤ
ਆੜ੍ਹਤੀ ਤੇ ਕਿਸਾਨ ਦੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ : ਵਿਜੇਇੰਦਰ
ਬਠਿੰਡਾ, 1 ਅਕਤੂਬਰ (ਸੁਖਜਿੰਦਰ ਮਾਨ) : ਖੇਤੀ ਬਿਲਾਂ ਨੂੰ ਪੰਜਾਬ ਦੇ ਲੋਕਾਂ ਲਈ 'ਘਾਤਕ' ਕਰਾਰ ਦਿੰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ 'ਜਦੋਂ ਵੀ ਕੇਂਦਰ ਵਿਚ ਅਕਾਲੀ-ਭਾਜਪਾ ਦੀ ਸਰਕਾਰ ਹੋਂਦ ਵਿਚ ਆਈ, ਉਸ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਹੈ।' ਅੱਜ ਸ਼ਹਿਰ ਵਿਚ ਨਵੇਂ ਰੇਲਵੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ 1998 'ਚ ਵਾਜਪਾਈ ਸਰਕਾਰ ਨੇ ਪਹਾੜੀ ਰਾਜ਼ਾਂ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਵਿਚੋਂ ਉਦਯੋਗ ਖ਼ਤਮ ਕਰ ਦਿਤਾ।
ਇਸਤੋਂ ਬਾਅਦ ਮੋਦੀ ਸਰਕਾਰ ਨੇ ਪਹਿਲਾਂ ਜੀ.ਐਸ.ਟੀ ਤੇ ਹੁਣ ਖੇਤੀ ਬਿਲ ਪਾਸ ਕਰ ਕੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਭੇਜਣ ਦੀ ਤਿਆਰੀ ਕੀਤੀ ਹੈ ਪ੍ਰੰਤੂ ਪੰਜਾਬ ਦੇ ਬਹਾਦਰ ਲੋਕ ਇਸਦਾ ਡਟ ਕੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਹੀ ਨਹੀਂ, ਪੰਜਾਬ ਦਾ ਵਿਕਾਸ ਹਮੇਸ਼ਾ ਕਾਂਗਰਸ ਸਰਕਾਰ ਦੇ ਰਾਜ ਵਿਚ ਹੋਇਆ ਹੈ। ਸ. ਬਾਦਲ ਨੇ ਅਕਾਲੀਆਂ 'ਤੇ ਹਮਲੇ ਕਰਦਿਆਂ ਕਿਹਾ ਕਿ ਹੁਣ ਇਨ੍ਹਾਂ ਨਾਲ ਨਾ ਪੰਥਕ ਵੋਟ ਰਹੀ ਹੈ ਤੇ ਨਾ ਹੀ ਕਿਸਾਨੀ। ਉਨ੍ਹਾਂ ਬਠਿੰਡਾ 'ਚ ਫ਼ਾਰਮਾਸੂਟੀਕਲ ਪਾਰਕ ਦੀ ਗੱਲ ਕਰਦਿਆਂ ਕਿਹਾ ਕਿ ਇਸਦੇ ਹੋਂਦ ਵਿਚ ਆਉਣ ਨਾਲ ਇਕ ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।
ਇਸ ਮੌਕੇ ਹਾਜ਼ਰ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਖੇਤੀ ਬਿਲ ਲਿਆ ਕੇ ਪੰਜਾਬ ਦੇ ਆੜ੍ਹਤੀਆਂ ਤੇ ਕਿਸਾਨਾਂ ਦੀ ਭਾਈਚਾਰਕ ਸਾਂਝ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅਕਾਲੀਆਂ ਵਲੋਂ ਅੱਜ ਕੱਢੇ ਕਿਸਾਨ ਮਾਰਚਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਪਹਿਲਾਂ ਕੈਬਨਿਟ ਵਿਚ ਕਾਨੂੰਨ ਪਾਸ ਕਰਵਾ ਕੇ ਹੁਣ ਉਹ ਸੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਪੰਜਾਬ ਵਿਚ ਸਕੂਲ ਖੋਲ੍ਹਣ ਦੇ ਮੁੱਦੇ 'ਤੇ ਇਕ ਵਾਰ ਫ਼ਿਰ ਕਿਹਾ ਕਿ ਜਿਨ੍ਹਾਂ ਸਮਾਂ ਕਰੋਨਾ ਖ਼ਤਮ ਨਹੀਂ ਹੁੰਦਾ, ਇਸ ਬਾਰੇ ਸੋਚਿਆ ਨਹੀਂ ਜਾਵੇਗਾ। ਇਸ ਮੌਕੇ ਦੋਨਾਂ ਵਜ਼ੀਰਾਂ ਨੇ ਯੂ.ਪੀ ਸਰਕਾਰ ਵਲੋਂ ਹਾਥਰਸ ਘਟਨਾ 'ਤੇ ਦੁੱਖ ਪ੍ਰਗਟਾਉਣ ਜਾ ਰਹੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨਾਲ ਪੁਲਿਸ ਵਲੋਂ ਦੁਰਵਿਵਹਾਰ ਕਰਨ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਇਸਦਾ ਜਵਾਬ ਹੁਣ ਭਾਜਪਾ ਨੂੰ ਦੇਸ ਦੇ ਲੋਕ ਦੇਣਗੇ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਗਲਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿਚ ਗਤੀਰੋਧਕ ਬਣੇ ਸਮੂਹ ਫ਼ਾਟਕਾਂ 'ਤੇ ਪੁਲ ਉਸਾਰਨ ਦੀ ਕੋਸ਼ਿਸ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ, ਜੈਜੀਤ ਸਿੰਘ ਜੌਹਲ, ਚੇਅਰਮੈਨ ਕੇ.ਕੇ.ਅਗਰਵਾਲ, ਜਗਰੂਪ ਸਿੰਘ ਗਿੱਲ, ਮੋਹਨ ਲਾਲ ਝੂੰਬਾ, ਟਿੰਕੂ ਗਰੋਵਰ, ਸੰਜੀਵ ਜਿੰਦਲ, ਪਵਨ ਮਾਨੀ ਆਦਿ ਹਾਜ਼ਰ ਸimageਨ।