
ਟਰੰਪ ਨੇ ਪਹਿਲੀ ਬਹਿਸ ਜਿੱਤਣ ਦਾ ਕੀਤਾ ਦਾਅਵਾ
ਕਿਹਾ, ਜੋ ਬਿਡੇਨ ਦਾ 'ਖ਼ਤਰਨਾਕ ਏਜੰਡਾ' ਬੇਨਕਾਬ ਕੀਤਾ
ਵਾਸ਼ਿੰਗਟਨ, 1 ਅਕਤੂਬਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਖ਼ਿਲਾਫ਼ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਪਹਿਲੀ ਚੋਣ ਬਹਿਸ (ਪ੍ਰੈਜ਼ੀਡੈਂਸ਼ੀਅਲ ਡਿਬੇਟ) ਜਿੱਤ ਲੈਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਡੇਨ ਬਹੁਤ ਕਮਜ਼ੋਰ ਸਨ। ਮੈਂ ਬਿਡੇਨ ਦੇ 'ਬੇਹੱਦ ਖ਼ਤਰਨਾਕ ਏਜੰਡੇ' ਦੀ ਨੂੰ ਬੇਨਕਾਬ ਕਰ ਦਿਤਾ । ਡੈਮੋਕ੍ਰੇਟ ਖੇਮੇ ਨੇ ਵੀ ਅਪਣੀ ਜਿੱਤ ਦਾ ਦਾਅਵਾ ਕੀਤਾ ਹੈ। ਬਿਡੇਨ ਨੇ ਕਿਹਾ ਕਿ ਬਹਿਸ ਦੌਰਾਨ ਟਰੰਪ ਦਾ ਆਚਰਨ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲਾ ਸੀ।
ਓਹਾਇਓ ਦੇ ਕਲੀਵਲੈਂਡ ਵਿਚ ਮੰਗਲਵਾਰ ਰਾਤ ਪਹਿਲੀ ਚੋਣ ਬਹਿਸ ਦੌਰਾਨ ਨਸਲੀ ਹਿੰਸਾ, ਆਰਥਿਕ ਆਫ਼ਤ, ਕੋਰੋਨਾ ਵਾਇਰਸ ਆਦਿ ਮੁੱਦਿਆਂ 'ਤੇ ਦੋਵਾਂ ਉਮੀਦਵਾਰਾਂ ਵਿਚਕਾਰ ਤਿੱਖੀ ਬਹਿਸ ਹੋਈ ਸੀ। ਬੁੱਧਵਾਰ ਨੂੰ ਟਰੰਪ ਨੂੰ ਜਿਥੇ ਮੌਕਾ ਮਿਲਿਆ, ਖ਼ੁਦ ਅਪਣੀ ਪਿੱਠ ਥਪਥਪਾਈ।
ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ (ਬਿਡੇਨ) ਬਹੁਤ ਕਮਜ਼ੋਰ ਸਨ। ਉਹ ਰੌਲਾ ਪਾ ਰਹੇ ਸਨ, ਸ਼ਿਕਾਇਤ ਕਰ ਰਹੇ ਸਨ। ਹਰ ਤਰ੍ਹਾਂ ਨਾਲ, ਅਸੀਂ ਆਸਾਨੀ ਨਾਲ ਕੱਲ ਰਾਤ ਦੀ ਬਹਿਸ ਜਿੱਤ ਲਈ। ਉਨ੍ਹਾਂ ਕਿਹਾ ਕਿ ਮੈਨੂੰ ਅਗਲੀਆਂ ਦੋ ਬਹਿਸਾਂ ਦਾ ਇੰਤਜ਼ਾਰ ਹੈ। ਮੈਨੂੰ ਉਨ੍ਹਾਂ ਨਾਲ ਬਹਿਸ ਕਰਨ ਵਿਚ ਕੋਈ ਗੁਰੇਜ਼ ਨਹੀਂ ਹੈ। ਮੈਂ ਸੁਣਿਆ ਹੈ ਕਿ ਉਹ ਬਹਿਸ ਤੋਂ ਬੱਚਣਾ ਚਾਹੁੰਦੇ ਹਨ। ਮੈਨੂੰ ਨਹੀਂ ਪਤਾ। ਇਹ ਉਨ੍ਹਾਂ ਨੂੰ ਤੈਅ ਕਰਨਾ ਹੈ।
ਇਸ ਪਿੱਛੋਂ ਮਿਨੀਸੋਟਾ ਦੀ ਚੋਣ ਰੈਲੀ ਦੀ ਵਾਰੀ ਸੀ। ਟਰੰਪ ਨੇ ਕਿਹਾ ਕਿ ਪਿਛਲੀ ਰਾਤ ਮੈਂ ਉਹ ਕੀਤਾ ਜੋ ਭਿ?ਸ਼ਟ ਮੀਡੀਆ ਨਹੀਂ ਕਰ ਸਕੀ। ਮੈਂ ਜਨਤਕ ਜੀਵਨ ਵਿਚ ਝੂਠ ਦੇ 47 ਸਾਲ, ਵਿਸ਼ਵਾਸਘਾਤ ਦੇ 47 ਸਾਲ ਅਤੇ ਅਸਫਲਤਾਵਾਂ ਦੇ 47 ਸਾਲ ਲਈ ਬਿਡੇਨ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਇਸ ਦੇਸ਼ ਦੀ ਅਗਵਾਈ ਕਰਨ ਦੇ ਲਿਹਾਜ਼ ਨਾਲ ਬਿਡੇਨ ਬਹੁਤ ਕਮਜ਼ੋਰ ਹਨ। ਬਿਡੇਨ ਬਹਿਸ ਵਿਚ ਟਿਕ ਨਹੀਂ ਸਕੇ। ਉਨ੍ਹਾਂ ਕਿਹਾ ਕਿ ਉਹ ਚੋਣ ਦੇ ਨਾਲ-ਨਾਲ ਭ੍ਰਿਸ਼ਟ-ਧੁਰ ਖੱਬੇ ਪੱਖੀ ਮੀਡੀਆ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕਮਿਊਨਿਸਟਾਂ ਨਾਲ ਵੀ ਲੜ ਰਹੇ ਹਨ।
ਡੈਮੋਕ੍ਰੇਟਿਕ ਪਾਰਟੀ ਦੇ 11 ਗਵਰਨਰ ਨੇ ਅਮਰੀਕੀ ਲੋਕਤੰਤਰ ਦਾ ਗੁਣਗਾਨ ਕਰਦੇ ਹੋਏ ਸਾਂਝਾ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਚੋਣ ਵਿਚ ਹਰ ਜਾਇਜ਼ ਵੋਟ ਪੱਤਰ ਦੀ ਗਿਣਤੀ ਨਿਸ਼ਚਿਤ ਕੀਤੀ ਜਾਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਟਰੰਪ ਹਾਰੇ ਤਾਂ ਉਨ੍ਹਾਂ ਨੂੰ ਵ੍ਹਾਈਟ ਹਾਊਸ ਛੱਡਣਾ ਹੀ ਪਵੇਗਾ। ਇਸ ਤੋਂ ਪਹਿਲੇ ਪਹਿਲੀ ਚੋਣ ਬਹਿਸ ਦੌਰਾਨ ਟਰੰਪ ਨੇ ਮੇਲ ਰਾਹੀਂ ਵੋਟਿੰਗ ਵਿਚ ਭਾਰੀ ਧੋਖਾਧੜੀ ਦਾ ਖ਼ਦਸ਼ਾ ਪ੍ਰਗਟ ਕੀਤਾ ਸੀ। (ਪੀਟੀਆਈ)