
ਘਰ ’ਚ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਨੇ ਹੀ ਘੜੀ ਸੀ ਲੁੱਟਮਾਰ ਦੀ ਸਾਜ਼ਿਸ਼
500 ਗ੍ਰਾਮ ਤੋਂ ਉਪਰ ਸੋਨਾ ਤੇ ਨਕਦੀ ਕੀਤੀ ਬਰਾਮਦ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ 'ਤੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀਂ ਹੋਈ ਲੁੱਟ ਖੋਹ ਦਾ ਮਾਮਲਾ ਸੁਲਝਾਉਂਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਰਿਸ਼ੀ ਵਿਹਾਰ ਕਲੋਨੀ ਵਿੱਚ ਸੰਗੀਤਾ ਮਲਹੋਤਰਾ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ 29 ਸਤੰਬਰ ਨੂੰ ਦੋ ਲੜਕਿਆਂ ਕੰਮ ਦੱਸ ਕੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਅਤੇ ਕਿਹਾ ਕਿ ਉਹ RO ਠੀਕ ਕਰਨ ਆਏ ਹਨ ਜਿਸ 'ਤੇ ਪੀੜਤ ਔਰਤ ਨੇ ਦਰਵਾਜ਼ਾ ਖੋਲ੍ਹ ਦਿੱਤਾ।
ਦੋਨੋਂ ਲੜਕੇ ਘਰ ਅੰਦਰ ਆ ਗਏ ਤੇ ਸ਼ਿਕਾਇਤਕਰਤਾ ਨਾਲ ਜ਼ੋਰ ਜਬਰਦਸਤੀ ਕਰ ਕੇ ਉਸ ਦਾ ਮੂੰਹ ਕਪੜੇ ਨਾਲ ਬੰਨ੍ਹ ਕੇ 8 ਸਾਲ ਦੇ ਪੋਤਰੇ ਨਾਲ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਘਰ ਦੀਆਂ ਅਲਮਾਰੀਆਂ ਵਿੱਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ। ਜਿਸ ਨੂੰ ਲੈ ਕੇ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਟਰੇਸ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਚਾਰ ਦੋਸ਼ੀ ਕਾਬੂ ਕੀਤੇ ਗਏ ਜੋਕਿ ਕਾਰਪੇਂਟਰ ਦਾ ਕੰਮ ਕਰਦੇ ਹਨ।
ਸਰਬਜੀਤ ਸਿੰਘ ਉਰਫ਼ ਸੋਨੂੰ ਗੁਰਜੰਟ ਸਿੰਘ ਤੇ ਜਰਨੈਲ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 528 ਗ੍ਰਾਮ ਗੋਲਡ ਅਤੇ 35,000/-ਰੁਪਏ ਬ੍ਰਾਮਦ ਕੀਤੇ ਗਏ ਹਨ। ਗ੍ਰਿਫਤਾਰ ਚਾਰੇ ਦੋਸ਼ੀ ਕਾਰਪੇਂਟਰ ਦਾ ਕੰਮ ਕਰਦੇ ਹਨ। ਦੋਸ਼ੀ ਜਰਨੈਲ ਸਿੰਘ ਅਤੇ ਗੁਰਜੰਟ ਸਿੰਘ ਨੇ ਪੀੜਿਤ ਦੇ ਘਰ ਦੀਆਂ ਅਲਮਾਰੀਆਂ/ ਲੌਕਰ ਬਣਾਏ ਸਨ, ਜਿੰਨਾਂ ਨੂੰ ਘਰ ਬਾਰੇ ਸਾਰੀ ਜਾਣਕਾਰੀ ਸੀ। ਦੋਸ਼ੀ ਗੁਰਜੰਟ ਸਿੰਘ ਅਤੇ ਸਰਬਜੀਤ ਸਿੰਘ ਉਰਫ਼ ਸੋਨੂੰ ਨੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਲਵਪ੍ਰੀਤ ਸਿੰਘ ਨੇ ਇਨ੍ਹਾਂ ਦਾ ਸਾਥ ਦਿੱਤਾ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵੱਲੋਂ 40000 ਰੁਪਏ ਦੀ ਲੁੱਟਾ ਕੀਤੀ ਗਈ ਸੀ ਜਿਸ ਵਿਚੋਂ 35000 ਰੁਪਏ ਬ੍ਰਾਮਦ ਕਰ ਲਏ ਗਏ ਹਨ ਤੇ 5000 ਰੁਪਏ ਇਨ੍ਹਾਂ ਵਲੋਂ ਖਰਚ ਕਰ ਲਏ ਗਏ ਹਨ। ਪੁਲਿਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਜੰਮੂ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਪਿਹਲਾਂ ਵੀ ਕਈ ਮਾਮਲੇ ਦਰਜ ਹਨ ਇਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।