
ਮਾਮਲਾ ਫ਼ਰੀਦਕੋਟ ਰਿਆਸਤ ਦੀ ਬਹੁ-ਕਰੋੜੀ ਜਾਇਦਾਦ ਦਾ
ਕੋਟਕਪੂਰਾ(ਗੁਰਿੰਦਰ ਸਿੰਘ) : 25 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਸ਼ਾਹੀ ਜਾਇਦਾਦ ਦੀ ਫ਼ਰੀਦਕੋਟ ਦੇ ਆਖ਼ਰੀ ਮਹਾਰਾਜੇ ਹਰਿੰਦਰ ਸਿੰਘ ਬਰਾੜ ਦੀਆਂ ਦੋ ਬੇਟੀਆਂ ਦਰਮਿਆਨ ਲੜਾਈ ਅਰਥਾਤ ਵਿਵਾਦ ਦੀਆਂ ਖ਼ਬਰਾਂ ਅਕਸਰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਤੇ ਹੁਣ ਪਤਾ ਲੱਗਾ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੇ ਭਰਾ ਕੰਵਰਮਨਜੀਤ ਇੰਦਰ ਸਿੰਘ ਦੇ ਪੋਤਰੇ ਅਮਰਿੰਦਰ ਸਿੰਘ ਨੇ ਉਕਤ ਬਹੁਕਰੋੜੀ ਜਾਇਦਾਦ ਵਿਚੋਂ ਤੀਜੇ ਹਿੱਸੇ ਦੀ ਮੰਗ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਅਜਿਹੀਆਂ ਸਾਰੀਆਂ ਜਾਇਦਾਦਾਂ ਦੇ ਪ੍ਰਬੰਧ ਲਈ ਇਕ ਰਿਸੀਵਰ ਦੀ ਨਿਯੁਕਤੀ ਦੀ ਵੀ ਮੰਗ ਕੀਤੀ ਹੈ।
ਸੁਪਰੀਮ ਕੋਰਟ ਵਲੋਂ ਉਕਤ ਸ਼ਾਹੀ ਜਾਇਦਾਦ ਨੂੰ ਕਾਨੂੰਨੀ ਉਤਰਾਅਧਿਕਾਰੀਆਂ ਵਿਚ ਵੰਡਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਣ ਤੋਂ ਇਕ ਸਾਲ ਬਾਅਦ ਉਕਤ ਮਾਮਲਾ ਸਾਹਮਣੇ ਆਇਆ ਹੈ। ਪਟੀਸ਼ਨਕਰਤਾ ਨੇ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਸਤੰਬਰ 2022 ਵਿਚ ਸੁਪਰੀਮ ਕੋਰਟ ਨੇ ਹਰਿੰਦਰ ਸਿੰਘ ਬਰਾੜ ਦੀਆਂ ਬੇਟੀਆਂ ਅਤੇ ਉਨ੍ਹਾਂ ਦੇ ਭਰਾ ਨੂੰ ਜਾਇਦਾਦ ’ਚ ਹਿੱਸਾ ਦੇਣ ਦੇ ਹਾਈਕੋਰਟ ਦੇ ਆਦੇਸ਼ ਨੂੰ ਬਰਕਰਾਰ ਰਖਿਆ।
ਜ਼ਿਕਰਯੋਗ ਹੈ ਕਿ ਹਰਿੰਦਰ ਸਿੰਘ ਬਰਾੜ ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜੇ ਸਨ, ਬਰਾੜ ਅਤੇ ਉਸ ਦੀ ਪਤਨੀ ਨਰਿੰਦਰ ਕੌਰ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਸੀ, ਬੇਟੇ ਦੀ ਸਾਲ 1981 ਵਿਚ ਮੌਤ ਹੋ ਗਈ। ਰਾਜਾ ਹਰਿੰਦਰ ਸਿੰਘ ਬਰਾੜ ਦੀ ਬੇਟੀ ਅੰਮ੍ਰਿਤ ਕੌਰ ਨੇ ਸਾਲ 1992 ਵਿਚ ਵਸੀਅਤ ਨੂੰ ਚੁਣੌਤੀ ਦਿਤੀ ਸੀ। ਸਾਲ 2013 ਵਿਚ ਅਦਾਲਤ ਨੇ ਮਹਰਾਵਲ ਖੇਵਾ ਜੀ ਟਰੱਸਟ ਦੀ ਵਸੀਅਤ ਨੂੰ ਨਾਜਾਇਜ਼ ਐਲਾਨਿਆ ਅਤੇ ਬਰਾੜ ਦੀਆਂ ਬੇਟੀਆਂ ਨੂੰ ਵਿਰਾਸਤ ਸੌਂਪਣ ਦੀ ਹਦਾਇਦ ਕੀਤੀ। ਰਾਜਾ ਹਰਿੰਦਰ ਸਿੰਘ ਬਰਾੜ ਦੇ ਉਤਰਾਅਧਿਕਾਰੀਆਂ ਦਰਮਿਆਨ ਸ਼ਾਹੀ ਜਾਇਦਾਦਾਂ ਲਈ ਕਾਨੂੰਨੀ ਲੜਾਈ ਲਗਭਗ 30 ਸਾਲਾਂ ਤੋਂ ਵੀ ਜ਼ਿਆਦਾ ਸਮਾ ਜਾਰੀ ਰਹੀ, ਸਤੰਬਰ 2022 ਵਿਚ ਸੁਪਰੀਮ ਕੋਰਟ ਨੇ ਹਰਿੰਦਰ ਸਿੰਘ ਬਰਾੜ ਦੀਆਂ ਬੇਟੀਆਂ ਅਤੇ ਉਨ੍ਹਾਂ ਦੇ ਭਰਾ ਦੀ ਸੰਪਤੀ ’ਚ ਹਿੱਸੇਦਾਰੀ ਦੇਣ ਦੇ ਹਾਈਕੋਰਟ ਦੇ ਆਦੇਸ਼ ਨੂੰ ਬਰਕਰਾਰ ਰਖਿਆ।