
ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਵਲੋਂ ਆਰੰਭੀ ਗਈ 'ਘਰ-ਘਰ ਹਰਿਆਲੀ' ਮੁਹਿੰਮ...
ਚੰਡੀਗੜ੍ਹ (ਸ.ਸ.ਸ) : ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਵਲੋਂ ਆਰੰਭੀ ਗਈ 'ਘਰ-ਘਰ ਹਰਿਆਲੀ' ਮੁਹਿੰਮ ਤਹਿਤ ਹੁਣ ਤੱਕ 50 ਲੱਖ ਤੋਂ ਵੱਧ ਬੂਟੇ ਸੂਬੇ ਦੇ ਲੋਕਾਂ ਅਤੇ ਸੰਸਥਾਵਾਂ ਨੂੰ ਵੰਡੇ ਜਾ ਚੁੱਕੇ ਹਨ, ਜਿਸ ਵਿੱਚ 18 ਲੱਖ ਤੋਂ ਵੱਧ ਬੂਟੇ 'ਆਈ ਹਰਿਆਲੀ' ਮੋਬਾਈਲ ਐਪ ਤੋਂ ਲੋਕਾਂ ਵੱਲੋਂ ਪ੍ਰਾਪਤ ਕੀਤੇ ਗਏ ਹਨ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ ਹੈ। ਸ. ਧਰਮਸੋਤ ਨੇ ਦੱਸਿਆ ਕਿ 'ਘਰ-ਘਰ ਹਰਿਆਲੀ' ਮੁਹਿੰਮ ਅਧੀਨ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਆਦਿ ਨੂੰ 50 ਲੱਖ ਤੋਂ ਵੱਧ ਬੂਟੇ ਮੁਫ਼ਤ ਸਪਲਾਈ ਕੀਤੇ ਗਏ ਹਨ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਤਾਜ਼ਾ ਸਰਵੇ ਅਨੁਸਾਰ ਪੰਜਾਬ ਸੂਬੇ ਦਾ 66 ਸਕੇਅਰ ਕਿਲੋਮੀਟਰ ਰਕਬਾ ਵਣਾਂ ਹੇਠ ਵਧਿਆ ਹੈ, ਜੋ ਕਿ ਤਸੱਲੀ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਸੂਬੇ ਭਰ 'ਚ ਵੱਖ-ਵੱਖ ਸਕੀਮਾਂ ਅਧੀਨ 7000 ਹੈਕਟਰ ਰਕਬੇ ਤੇ ਨਵੇਂ ਬੂਟੇ ਲਗਾਏ ਜਾ ਚੁੱਕੇ ਹਨ ਅਤੇ 10,900 ਹੈਕਟਰ ਰਕਬੇ 'ਤੇ ਜਿੱਥੇ ਕਿ ਪਹਿਲਾਂ ਪੌਦੇ ਲਗਾਏ ਗਏ ਸਨ, ਦੀ ਸਾਂਭ-ਸੰਭਾਲ ਕੀਤੀ ਗਈ ਹੈ। ਜੰਗਲਾਤ ਮੰਤਰੀ ਨੇ ਦੱਸਿਆ ਕਿ 'ਸਬਮਿਸ਼ਨ ਆਨ ਐਗਰੋਫਾਰੈਸਟਰੀ ਸਕੀਮ' ਅਧੀਨ ਸੂਬੇ ਭਰ 'ਚ ਵੱਖ-ਵੱਖ ਕਿਸਾਨਾਂ ਵੱਲੋਂ 30 ਲੱਖ ਪੌਦੇ ਲਗਾਏ ਗਏ ਹਨ ਅਤੇ 2200 ਲਾਭਪਾਤਰੀ ਕਿਸਾਨਾਂ ਨੂੰ 2.50 ਕਰੋੜ ਰੁਪਏ ਦੀ ਸਬਸਿਡੀ ਉਨਾਂ ਦੇ ਆਧਾਰ ਕਾਰਡ ਨਾਲ ਲਿੰਕ ਬੱਚਤ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ ਮੁਹੱਈਆ ਕਰਵਾਈ ਗਈ ਹੈ। ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਚੰਦਨ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਹੁਸ਼ਿਆਰਪੁਰ ਵਿਖੇ ਚੰਦਨ ਦੀ ਨਰਸਰੀ ਦਾ ਪਾਈਲਟ ਪ੍ਰਾਜੈਕਟ ਲਾਂਚ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚਾਹਵਾਨ ਕਿਸਾਨਾਂ ਨੂੰ ਚੰਦਨ ਦੇ ਬੂਟੇ ਸਸਤੀਆਂ ਦਰਾਂ 'ਤੇ ਮੁਹੱਈਆਂ ਕਰਵਾਏ ਜਾਣਗੇ।