
ਸਬਜ਼ੀਆਂ ਸਮੇਤ ਕਈ ਫ਼ਸਲਾਂ ਹੋਣਗੀਆਂ ਪ੍ਰਭਾਵਿਤ
ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੰਦ ਕੀਤੀਆਂ ਮਾਲ ਗੱਡੀਆਂ ਦਾ ਅਸਰ ਬਿਜਲੀ ਉਤਪਾਦਨ ਅਤੇ ਖਾਦ ਦੀ ਸਪਲਾਈ ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਉੱਥੇ ਕਈ ਵਸਤਾਂ ਦੀ ਘਾਟ ਪੈਦਾ ਹੋ ਗਈ ਹੈ। ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਪੰਜਾਬ ਵਿਚ ਯੂਰੀਆ ਖਾਦ ਦੀ ਕਮੀ ਹੋਣ ਕਾਰਨ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਖਾਦ ਦੀ ਕਮੀ ਦੇ ਚਲਦਿਆਂ ਰੱਬੀ ਦੀ ਫ਼ਸਲ ਦੀ ਬਿਜਾਈ ਵੀ ਪੱਛੜ ਸਕਦੀ ਹੈ।
Rail Roko Andolan
ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਵਿਚ ਯੂਰੀਆ ਦੀ ਕਮੀ ਹੈ। ਅਧਿਕਾਰੀਆਂ ਮੁਤਾਬਕ ਪੰਜਾਬ ਵਿਚ ਰੱਬੀ ਦੇ ਸੀਜ਼ਨ ਲਈ 14.50 ਲੱਖ ਟਨ ਯੂਰੀਆ ਦੀ ਲੋੜ ਹੈ ਪਰ ਸੂਬੇ ਵਿੱਚ ਕੇਵਲ 75,000 ਟਨ ਯੂਰੀਆ ਹੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਚਾਰ ਲੱਖ ਟਨ ਯੂਰੀਆ ਦੀ ਖੇਪ ਅਕਤੂਬਰ ਮਹੀਨੇ ਆਉਣੀ ਸੀ ਪਰ ਸਿਰਫ਼ ਇੱਕ ਲੱਖ ਟਨ ਹੀ ਪੁੱਜੀ ਹੈ। ਨਵੰਬਰ ਲਈ ਰਾਜ ਵਿੱਚ ਚਾਰ ਲੱਖ ਟਨ ਯੂਰੀਆ ਦੀ ਵੰਡ ਕੀਤੀ ਗਈ ਹੈ।
Railway
ਕਣਕ ਦੀ ਬਿਜਾਈ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੱਬੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਲਗਪਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦੀ ਆਸ ਹੈ। ਪੰਜਾਬ ਨੂੰ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਰੇਲ ਗੱਡੀਆਂ ਰਾਹੀਂ ਯੂਰੀਆ ਦੀ ਸਪਲਾਈ ਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਦੀ ਢੋਆ-ਢੁਆਈ ਦੀਆਂ ਸੇਵਾਵਾਂ ਬਹਾਲ ਕਰਨ ਲਈ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਦਖ਼ਲ ਦੇਣ ਲਈ ਆਖਿਆ ਸੀ, ਜਿਸ ਉੱਤੇ ਗੋਇਲ ਨੇ ਪੰਜਾਬ ਸਰਕਾਰ ਤੋਂ ਰੇਲ-ਗੱਡੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਬਾਰੇ ਭਰੋਸਾ ਮੰਗਿਆ ਸੀ।
RAILWAY
ਉਧਰ, ਪੰਜਾਬ ਵਿੱਚ ਬਿਜਲੀ ਦੀ ਹਾਲਤ ਵੀ ਖ਼ਰਾਬ ਹੋ ਗਈ ਹੈ। ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਣ ਕੋਲੇ ਦੀ ਸਪਲਾਈ ਠੀਕ ਤਰੀਕੇ ਨਹੀਂ ਹੋ ਰਹੀ ਹੈ; ਇਸੇ ਲਈ ਉਤਪਾਦਨ ਰੁਕੇ ਹੋਏ ਹਨ। ਕੋਲਾ ਆਧਾਰਤ ਬਿਜਲੀ ਪਲਾਂਟਾਂ ਵਿੱਚ ਹੁਣ ਕੋਲਾ ਨਾਮਾਤਰ ਬਚਿਆ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਸਹਾਇਕ ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਨੇ ਹਾਲ ਹੀ ਵਿੱਚ ਆਖਿਆ ਸੀ ਕਿ ਪੰਜ ਤਾਪ ਬਿਜਲੀ ਘਰਾਂ ਵਿੱਚੋਂ ਕੇਵਲ ਇੱਕੋ ਚੱਲ ਰਿਹਾ ਹੈ। ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਜਲੀ ਦੀ ਮੌਜੂਦਾ ਹਾਲਤ ਨੂੰ ਤਰਸਯੋਗ ਦੱਸਿਆ ਸੀ। ਰਾਜਪੁਰਾ ’ਚ ਨਾਭਾ ਥਰਮਲ ਪਲਾਂਟ ਤੇ ਮਾਨਸਾ ’ਚ ਤਲਵੰਡੀ ਸਾਬੋ ਪਾਵਰ ਲਿਮਿਟੇਡ ਵਿੱਚ ਕੋਲਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।