
8 ਸਿਮ ਕਾਰਡ ਅਤੇ 3 ਬੈਟਰੀਆਂ ਵੀ ਹੋਈਆਂ ਬਰਾਮਦ
ਕਪੂਰਥਲਾ: ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਕਪੂਰਥਲਾ ਜੇਲ੍ਹ ਵਿਚੋਂ ਵੀ ਤਲਾਸ਼ੀ ਦੌਰਾਨ ਕੁਝ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਬਰਾਮਦਗੀ ਜੇਲ ਪ੍ਰਸ਼ਾਸ਼ਨ ਵੱਲੋਂ ਅਚਾਨਕ ਕੀਤੀ ਤਲਾਸ਼ੀ ਦੌਰਾਨ ਹੋਈ ਹੈ, ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 8 ਅਰੋਪੀਆਂ ਖਿਲਾਫ 5 ਵੱਖ-ਵੱਖ ਕੇਸ ਦਰਜ ਕਰਵਾਏ ਹਨ।
ਕੇਂਦਰੀ ਜੇਲ੍ਹ 'ਚ ਤਲਾਸ਼ੀ ਦੌਰਾਨ 8 ਬੰਦ ਹਵਾਲਾਤੀਆਂ ਪਾਸੋਂ 10 ਮੋਬਾਈਲ ਫੋਨ , 8 ਸਿਮ ਕਾਰਡ ਅਤੇ 3 ਬੈਟਰੀਆਂ ਬਰਾਮਦ ਹੋਏ ਹਨ। ਦੱਸ ਦੇਈਏ ਕਿ ਕਪੂਰਥਲਾ ਜੇਲ੍ਹ ਵਿਚ ਕਈ ਵਾਰ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਇਹ ਜੇਲ੍ਹ ਅਕਸਰ ਸੁਰਖੀਆਂ ਵਿਚ ਬਣੀ ਰਹਿੰਦੀ ਹੈ।