
ਡਾਇਰੈਕਟਰ ਸਿਹਤ ਸੇਵਾਵਾਂ ਅਨੁਸਾਰ ਐਮਰਜੈਂਸੀ 'ਚ ਵਾਇਰਲ ਨਾਲ ਸੰਬੰਧਿਤ ਔਸਤਨ 15 ਮਰੀਜ਼ ਰੋਜ਼ਾਨਾ ਆ ਰਹੇ ਹਨ।
ਚੰਡੀਗੜ੍ਹ - ਚੰਡੀਗੜ੍ਹ ਇਲਾਕੇ 'ਚ ਚੱਲ ਰਹੇ ਵਾਇਰਲ ਫ਼ਲੂ ਦੇ ਲੱਛਣ ਚਿਕਨਗੁਨੀਆ ਵਰਗੇ ਹਨ, ਤੁਸੀਂ ਸੋਚਦੇ ਹੋ ਕਿ ਮਰੀਜ਼ ਨੂੰ ਡੇਂਗੂ ਜਾਂ ਚਿਕਨਗੁਨੀਆ ਪਰ ਉਹ ਨਹੀਂ ਹੈ। ਹੁਣ ਤੱਕ ਸ਼ਹਿਰ 'ਚ ਚਿਕਨਗੁਨੀਆ ਦੇ 2 ਕੇਸ ਪਾਜ਼ਿਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 550 ਤੱਕ ਪਹੁੰਚ ਗਈ ਹੈ।
ਡਾਇਰੈਕਟਰ ਸਿਹਤ ਸੇਵਾਵਾਂ ਅਨੁਸਾਰ ਐਮਰਜੈਂਸੀ 'ਚ ਵਾਇਰਲ ਨਾਲ ਸੰਬੰਧਿਤ ਔਸਤਨ 15 ਮਰੀਜ਼ ਰੋਜ਼ਾਨਾ ਆ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਪਲੇਟਲੈਟਸ ਘੱਟ ਹੋਣ ਕਾਰਨ ਆਉਂਦੇ ਹਨ, ਜਿਨ੍ਹਾਂ ਵਿਚੋਂ ਔਸਤਨ 6 ਮਰੀਜ਼ ਰੋਜ਼ਾਨਾ ਡੇਂਗੂ ਪਾਜ਼ੇਟਿਵ ਆ ਰਹੇ ਹਨ। ਭਾਵੇਂ ਇਨ੍ਹਾਂ ਮਰੀਜ਼ਾਂ ਨੂੰ ਕੁਝ ਸਮਾਂ ਇਲਾਜ ਲਈ ਦਾਖਲ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ, ਪਰ ਹੁਣ ਤੱਕ ਲੰਬੇ ਸਮੇਂ ਤੱਕ ਦਾਖਲ ਰੱਖਣ ਦੀ ਕੋਈ ਲੋੜ ਨਹੀਂ ਹੈ।
ਟੈਸਟਿੰਗ ਦੀ ਗੱਲ ਕਰੀਏ ਤਾਂ ਸਾਰੇ ਸਿਵਲ ਹਸਪਤਾਲਾਂ 'ਚ ਡੇਂਗੂ ਅਤੇ ਚਿਕਨਗੁਨੀਆ ਦੇ ਟੈਸਟ ਕੀਤੇ ਜਾ ਰਹੇ ਹਨ। ਜ਼ਿਆਦਾਤਰ ਮਰੀਜ਼ ਇਕ ਹਫ਼ਤੇ ਦੇ ਅੰਦਰ ਖ਼ੁਦ ਨੂੰ ਬਿਹਤਰ ਮਹਿਸੂਸ ਕਰਦੇ ਹਨ। ਹਾਲਾਂਕਿ ਜੋੜਾਂ ਦਾ ਦਰਦ ਗੰਭੀਰ ਹੋ ਸਕਦਾ ਹੈ ਅਤੇ ਕਈ ਹਫ਼ਤਿਆਂ ਤੋਂ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਬੁਖ਼ਾਰ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਰੀਜ਼ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਤਰਲ ਪਦਾਰਥ ਵੱਧ ਲੈਣ ਲਈ ਕਿਹਾ ਜਾਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਚਿਕਨਗੁਨੀਆ ਵਾਇਰਸ ਦੀ ਲਾਗ ਨੂੰ ਰੋਕਣ ਲਈ ਫ਼ਿਲਹਾਲ ਕੋਈ ਟੀਕਾ ਜਾਂ ਦਵਾਈ ਉਪਲਬਧ ਨਹੀਂ ਹੈ। ਮੱਛਰ ਦੇ ਕੱਟਣ ਤੋਂ ਬਚਾਅ ਰੱਖਣਾ ਹੀ ਇੱਕਮਾਤਰ ਹੱਲ ਹੈ। ਡੇਂਗੂ ਦੇ ਨਵੇਂ ਕੇਸਾਂ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ। ਡਾਇਰੈਕਟਰ ਸਿਹਤ ਸੇਵਾਵਾਂ ਮੁਤਾਬਿਕ ਮਾਮਲਾ ਪਿਛਲੀ ਵਾਰ ਦੀ ਤਰ੍ਹਾਂ ਗੰਭੀਰ ਨਹੀਂ ਹੈ।
ਹੁਣ ਤੱਕ ਮਾਮਲਿਆਂ 'ਚ ਜੋ ਦੇਖਣ ਨੂੰ ਮਿਲਿਆ ਹੈ, ਉਨ੍ਹਾਂ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਘਰ 'ਚ ਵੀ ਕੀਤਾ ਜਾ ਸਕਦਾ ਹੈ। ਇਸ ਮੌਸਮ 'ਚ ਹਰ ਸਾਲ ਡੇਂਗੂ ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਵਧਣ ਲੱਗਦੇ ਹਨ। ਹੁਣ ਤੱਕ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 550 ਤੱਕ ਪਹੁੰਚ ਚੁੱਕੀ ਹੈ।