
ਬੇਅਦਬੀ ਮਾਮਲਿਆਂ ਵਿਚ ਘਿਰੇ ਅਕਾਲੀ ਦਲ ਦੀ ਪਤਲੀ ਹਾਲਤ ਕਿਸੇ ਕੋਲੋਂ ਲੁਕੀ ਛਿਪੀ ਨਹੀਂ ਹੈ, ਪਿਛਲੇ ਸਮੇਂ ਦੌਰਾਨ ਕਈ ਸੀਨੀਅਰ ਅਕਾਲੀ ਆਗੂ ਪਾਰਟੀ...
ਚੰਡੀਗੜ੍ਹ : ਬੇਅਦਬੀ ਮਾਮਲਿਆਂ ਵਿਚ ਘਿਰੇ ਅਕਾਲੀ ਦਲ ਦੀ ਪਤਲੀ ਹਾਲਤ ਕਿਸੇ ਕੋਲੋਂ ਲੁਕੀ ਛਿਪੀ ਨਹੀਂ ਹੈ, ਪਿਛਲੇ ਸਮੇਂ ਦੌਰਾਨ ਕਈ ਸੀਨੀਅਰ ਅਕਾਲੀ ਆਗੂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਦੂਜਿਆਂ 'ਤੇ ਇਲਜ਼ਾਮ ਲਗਾਉਣ ਵਾਲੇ ਅਕਾਲੀ ਦਲ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਉਸ ਵਲੋਂ ਦਾਗ਼ੀ ਆਗੂਆਂ ਨੂੰ ਮੂਹਰੇ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਫੰਡਾਂ ਵਿਚ ਗੜਬੜੀ ਦੇ ਚਲਦਿਆਂ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਮਨਜੀਤ ਸਿੰਘ ਜੀਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।
Delhi Gurdwara Management Committe
ਸੁਖਬੀਰ ਬਾਦਲ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਜੀਕੇ ਦੀਆਂ ਤਾਜ਼ਾ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਜੀਕੇ 'ਤੇ ਗੁਰਦੁਆਰਾ ਕਮੇਟੀ ਦੇ ਫੰਡਾਂ ਵਿਚ ਘਪਲੇਬਾਜ਼ੀ ਕਰਨ ਦੇ ਇਲਜ਼ਾਮ ਹਨ। ਜਿਸ ਕਾਰਨ ਉਹ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਉਨ੍ਹਾਂ ਵਿਰੁਧ ਸੈਸ਼ਨ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ 'ਤੇ ਲੱਗੇ ਦੋਸ਼ ਹਾਲੇ ਸਾਬਤ ਨਹੀਂ ਹੋ ਸਕੇ ਪਰ ਫਿਰ ਵੀ ਅਜਿਹੇ ਗੰਭੀਰ ਇਲਜ਼ਾਮਾਂ ਵਾਲੇ ਆਗੂ ਨੂੰ ਸੁਖਬੀਰ ਬਾਦਲ ਅਪਣੇ ਨਾਲ-ਨਾਲ ਕਿਉਂ ਰੱਖ ਰਹੇ ਹਨ। ਇਹ ਸਮਝ ਤੋਂ ਬਾਹਰ ਹੈ।
Delhi Gurdwara Committee
ਜਦਕਿ ਉਹ ਅਜਿਹਾ ਕਰਨ ਵਾਲੇ ਅਪਣੇ ਵਿਰੋਧੀਆਂ 'ਤੇ ਉਂਗਲ ਉਠਾਉਣ 'ਚ ਦੇਰ ਨਹੀਂ ਲਾਉਂਦੇ। ਦਸ ਦਈਏ ਕਿ ਕੁੱਝ ਕਥਿਤ ਪੰਥ ਵਿਰੋਧੀ ਕਾਰਵਾਈਆਂ ਕਰਕੇ ਕੈਲੀਫੋਰਨੀਆਂ ਵਿਚ ਜੀਕੇ ਨਾਲ ਕੁੱਝ ਸਿੱਖਾਂ ਵਲੋਂ ਕੁੱਟਮਾਰ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਫਿਰ ਕਥਿਤ ਘਪਲੇਬਾਜ਼ੀ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਸਿੱਖਾਂ ਵਲੋਂ ਜੀਕੇ ਨੂੰ ਕਾਫ਼ੀ ਲਾਹਣਤਾਂ ਪਾਈਆਂ ਗਈਆਂ ਸਨ। ਹੈਰਾਨੀ ਦੀ ਗੱਲ ਹੈ ਇਸ ਸਭ ਦੇ ਬਾਵਜੂਦ ਸੁਖਬੀਰ ਬਾਦਲ ਨੇ ਦਿੱਲੀ ਵਿਚ ਜੀਕੇ ਨੂੰ ਪਰਛਾਵੇਂ ਦੀ ਤਰ੍ਹਾਂ ਅਪਣੇ ਨਾਲ-ਨਾਲ ਰਖਿਆ।
Delhi Gurdwara Committee
ਕੁੱਝ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਸਵਾਲ ਉਠਾਏ ਜਾ ਰਹੇ ਹਨ ਕਿ, ਕੀ ਅਕਾਲੀ ਦਲ ਕੋਲ ਆਗੂਆਂ ਦੀ ਕਮੀ ਹੋ ਗਈ ਹੈ ਜੋ ਅਜਿਹੇ 'ਗੋਲਕ ਚੋਰ' ਨੂੰ ਅਪਣੇ ਨਾਲ ਰੱਖਣਾ ਪੈ ਰਿਹੈ? ਕੁੱਝ ਲੋਕਾਂ ਵਲੋਂ ਤਾਂ 'ਚੋਰ-ਚੋਰ ਮਸੇਰੇ ਭਰਾ' ਕਹਿ ਕੇ ਵੀ ਮਜ਼ਾਕ ਉਡਾਇਆ ਜਾ ਰਿਹੈ। ਖ਼ੈਰ, ਸੋਸ਼ਲ ਮੀਡੀਆ 'ਤੇ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਪਰ ਇਸ ਦੇ ਪਿੱਛੇ ਅਸਲੀਅਤ ਕੀ ਹੈ ਇਹ ਤਾਂ ਸੁਖਬੀਰ ਬਾਦਲ ਹੀ ਦੱਸ ਸਕਦੇ ਹਨ।