
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਬਾਰਹ ਮਾਹ ਤੁਖਾਰੀ ਦੇ ਅਧਾਰ 'ਤੇ ਕੈਲੰਡਰ ਪ੍ਰਕਾਸ਼ਿਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਬਾਰਹ ਮਾਹ ਤੁਖਾਰੀ ਦੇ ਅਧਾਰ 'ਤੇ ਕੈਲੰਡਰ ਪ੍ਰਕਾਸ਼ਿਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ, ਜੋ ਕੁਦਰਤੀ ਪ੍ਰੇਮ ਅਤੇ ਸਤਿਕਾਰ ਵਾਲੀ ਸਿੱਖ ਵਿਚਾਰਧਾਰਾ ਨੂੰ ਰੂਪਮਾਨ ਕਰਦਾ ਹੈ। ਬਾਰਹ ਮਾਹ ਦੇ ਸੰਦੇਸ਼ ਨੂੰ ਪ੍ਰਸਿੱਧ ਕਲਾਕਾਰ ਸਰਦਾਰ ਦੇਵੇਂਦਰ ਸਿੰਘ ਦੀਆਂ ਚਿੱਤਰਾਂ (ਪੇਂਟਿੰਗਾਂ) ਰਾਹੀਂ ਕਲਾਤਮਕ ਤੌਰ 'ਤੇ ਪ੍ਰਗਟ ਕੀਤਾ ਗਿਆ ਹੈ। ਸਰਦਾਰ ਦਵਿੰਦਰ ਸਿੰਘ ਯਥਾਰਥਵਾਦੀ ਅਤੇ ਸੰਕੇਤ ਕਲਾ ਦੇ ਮਾਲਕ ਹਨ ਅਤੇ ਉਹਨਾਂ ਦੀ ਕਲਾ ਸਿੱਖ ਵਿਚਾਰਧਾਰਾ ਅਤੇ ਫਲਸਫੇ ਨੂੰ ਪੇਸ਼ ਕਰਦੀ ਹੈ।
Sri Guru Gobind Singh College Chandigarh
ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ 'ਤੇ ਆਧਾਰਿਤ ਤੇਲ ਚਿੱਤਰਾਂ ਦੀ ਬਾਰਹ ਮਾਹ ਲੜੀ, ਉਹਨਾਂ ਦੀਆਂ ਸਭ ਤੋਂ ਮਕਬੂਲ ਰਚਨਾਵਾਂ ਵਿੱਚੋਂ ਇੱਕ ਹੈ। ਗੁਰਮੁਖੀ ਵਿੱਚ ਗੁਰਬਾਣੀ-ਪੰਕਤੀ ਕਲਾ ਇਨ੍ਹਾਂ ਰਚਨਾਵਾਂ ਨੂੰ ਸੰਵਾਰਦੀ ਹੈ ਅਤੇ ਉਹਨਾਂ ਨੂੰ ਇੱਕ ਹੋਰ ਪੱਧਰ ਤੱਕ ਉਚੇਰਾ ਕਰਦੀ ਹੈ। ਗੁਰਮੁਖੀ ਵਿਚ ਗੁਰਬਾਣੀ ਦੀਆਂ ਪੰਕਤੀਆਂ 'ਤੇ ਕੀਤੀ ਕਲਾਕਾਰੀ ਉਹਨਾਂ ਦੀ ਕਲਾ ਨੂੰ ਹੋਰ ਸੁਹੱਪਣ ਅਦਾ ਕਰਦੀ ਹੈ।
ਬਾਰਹ ਮਾਹ ਕੈਲੰਡਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੁਆਰਾ ਵਾਤਾਵਰਣ ਦੀ ਸਥਿਰਤਾ ਤੇ ਵਿਰਾਸਤ ਦੀ ਸੰਭਾਲ ਲਈ ਕੀਤੇ ਕਾਰਜਾਂ ਨੂੰ ਦਰਸਾਉਂਦਾ ਇਕ ਨਿਰਸੁਆਰਥ ਉਪਰਾਲਾ ਹੈ। ਇਸ ਮੌਕੇ ਗੁਰਦੇਵ ਸਿੰਘ ਬਰਾੜ, ਪ੍ਰਧਾਨ ਐਸ.ਈ.ਐਸ. ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ, (ਸਕੱਤਰ), ਐਸ. ਈ. ਐਸ. ਅਤੇ ਕਰਨਦੀਪ ਸਿੰਘ ਚੀਮਾ, ਸੰਯੁਕਤ ਸਕੱਤਰ, ਐਸ ਈ ਐਸ ਨੇ ਨਵੀਂ ਸਿੱਖਿਆ ਨੀਤੀ ਵਾਸਤੇ ਰਾਹ ਪੱਧਰਾ ਕਰਨ ਅਤੇ ਅਮੀਰ ਤੇ ਵਿਭਿੰਨ ਵਿਰਾਸਤ ਦੀ ਬਿਹਤਰ ਸਮਝ ਰੱਖਣ ਲਈ ਪ੍ਰਿੰਸੀਪਲ ਡਾ. ਨਵਜੋਤ ਕੌਰ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।