
ਕਿਹਾ- ਮੈਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ, ਮੇਰੇ ਨਾਂਅ ਦੀ ਦੁਰਵਰਤੋਂ ਹੋ ਰਹੀ ਹੈ। ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਵਿਚ ਹੋਏ ਖਰਚੇ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ। ਦਰਅਸਲ ਕਥਿਤ ਸ਼ਿਕਾਇਤਕਰਤਾ ਰਾਜਬਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਉਹਨਾਂ ਕਿਹਾ ਕਿ ਮੈਂ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਮੇਰੇ ਨਾਂਅ ਦੀ ਦੁਰਵਰਤੋਂ ਹੋ ਰਹੀ ਹੈ, ਜਿਸ ਕਾਰਨ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ।
ਇਹ ਵੀ ਪੜ੍ਹੋ: ਕੈਨੇਡਾ ‘ਚ ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਚਮਕੌਰ ਸਾਹਿਬ ’ਚ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ, ਉਸ ਸਮੇਂ ਉਦਘਾਟਨ ਸਮਾਰੋਹ ’ਤੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਆਇਆ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਹ ਭ੍ਰਿਸ਼ਟਾਚਾਰ ਚਰਨਜੀਤ ਸਿੰਘ ਚੰਨੀ ਦੇ ਪੁੱਤ ਦੇ ਵਿਆਹ ਦੌਰਾਨ ਖ਼ਰਚੇ ਲਈ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਸਟਿਸ ਨਿਰਮਲ ਯਾਦਵ ਰਿਸ਼ਵਤ ਮਾਮਲਾ: ਚੰਡੀਗੜ੍ਹ ਅਦਾਲਤ 'ਚ ਸੁਣਵਾਈ ਮਈ ਤੱਕ ਮੁਲਤਵੀ
ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ ਬਠਿੰਡਾ ਦੇ ਪਿੰਡ ਭਾਗੂ ਦੇ ਰਹਿਣ ਵਾਲੇ ਰਾਜਬਿੰਦਰ ਸਿੰਘ ਨੇ ਵਿਜੀਲੈਂਸ ਬਿਓਰੋ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਉਸ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਮੌਕੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ, ਜੋ ਕਿ ਬਾਜ਼ਾਰ ਦੇ ਰੇਟਾਂ ਨਾਲੋ ਕਿਤੇ ਜ਼ਿਆਦਾ ਹੈ।
ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਲਈ ਜਦੋਂ ਰਾਜਬਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।