
ਲਿਆ ਕੇ ਦੁਬਾਰਾ ਪਾਸ ਕੀਤਾ ਜਾਵੇਗਾ-ਸਰਬ ਪਾਰਟੀ ਨੇ ਲਿਆ ਫ਼ੈਸਲਾ ਲਿਆ ਕੇ ਦੁਬਾਰਾ ਪਾਸ ਕੀਤਾ ਜਾਵੇਗਾ-ਸਰਬ ਪਾਰਟੀ ਨੇ ਲਿਆ ਫ਼ੈਸਲਾ
ਲਿਆ ਕੇ ਦੁਬਾਰਾ ਪਾਸ ਕੀਤਾ ਜਾਵੇਗਾ-ਸਰਬ ਪਾਰਟੀ ਨੇ ਲਿਆ ਫ਼ੈਸਲਾ
ਸਰਬ ਪਾਰਟੀ ਵਫ਼ਦ ਪ੍ਰਧਾਨ ਮੰਤਰੀ ਨੂੰ ਵੀ ਮਿਲੇਗਾ ਤੇ ਰਾਸ਼ਟਰਪਤੀ ਤੋਂ ਵੀ ਮੁੜ ਸਮਾਂ ਮੰਗੇਗਾ
ਚੰਡੀਗੜ੍ਹ, 2 ਫ਼ਰਵਰੀ (ਗੁਰਉਪਦੇਸ਼ ਭੁੱਲਰ): ਕੇਂਦਰੀ ਖੇਤੀ ਬਿਲਾਂ ਤੇ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਰਬ ਪਾਰਟੀ ਮੀਟਿੰਗ ਵਿਚ ਭਾਜਪਾ ਨੂੰ ਛੱਡ ਕੇ ਬਾਕੀ ਸੱਭ ਪਾਰਟੀਆਂ ਨੇ ਹਿੱਸਾ ਲਿਆ |
ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਵੀ ਅਖ਼ੀਰ ਤਕ ਸ਼ਾਮਲ ਰਹੀ ਤੇ ਸਾਰੇ ਮੁੱਦਿਆਂ 'ਤੇ ਸਹਿਮਤ ਸੀ ਪਰ ਆਖ਼ਰੀ ਸਮੇਂ ਹੱਦਾਂ ਉਪਰ ਪੰਜਾਬ ਪੁਲਿਸ ਦੀ ਤੈਨਾਤੀ ਦੀ ਮੰਗ ਨੂੰ ਲੈ ਕੇ ਵਾਕਆਊਟ ਕਰ ਗਈ | ਪਾਰਟੀ ਪ੍ਰਧਾਨ ਭਗਵੰਤ ਮਾਨ ਲੋਕ ਸਭਾ ਸੈਸ਼ਨ ਦੇ ਰੁਝੇਵੇਂ ਕਾਰਨ ਮੀਟਿੰਗ
ਦੇ ਵਿਚਕਾਰੋਂ ਹੀ ਅਪਣੀ ਗੱਲ ਰੱਖ ਕੇ ਚਲੇ ਗਏ ਸਨ ਜਦਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ
ਆਪ ਵਿਧਾਇਕ ਅਮਨ ਅਰੋੜਾ ਤੇ ਮੀਤ ਹੇਅਰ ਮੀਟਿੰਗ ਵਿਚ ਸ਼ਾਮਲ ਰਹੇ | ਸਰਬ ਪਾਰਟੀ ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਮਸਲੇ ਦੇ ਹੱਲ ਵਿਚ ਦੇਰੀ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਤਿੰਨ ਖੇਤੀ ਕਾਨੂੰਨ ਰੱਦ ਕਰ ਕੇ ਮਸਲੇ ਦੇ ਹੱਲ ਦੀ ਮੰਗ ਨੂੰ ਲੈ ਕੇ ਮਤਾ ਪਾਸ ਕਰ ਦਿਤਾ ਗਿਆ | ਛੇਤੀ ਹੀ ਸਰਬ ਪਾਰਟੀ ਵਫ਼ਦ ਸਮਾਂ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲੇਗਾ | ਲੋੜ ਪਈ ਤਾਂ ਸਰਬ ਪਾਰਟੀ ਵਲੋਂ ਧਰਨਾ ਵੀ ਦਿੱਲੀ ਵਿਚ ਦਿਤਾ ਜਾ ਸਕਦਾ ਹੈ |
ਸਰਬ ਪਾਰਟੀ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਵਿਚ ਕੇਂਦਰੀ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ ਪਾਸ ਖੇਤੀ ਕਾਨੂੰਨਾਂ ਬਾਰੇ ਬਿਲ ਰਾਜਪਾਲ ਵਲੋਂ ਹਾਲੇ ਤਕ ਰਾਸ਼ਟਰਪਤੀ ਨੂੰ ਨਾ ਭੇਜੇ ਜਾਣ ਦਾ ਮਾਮਲਾ ਵੀ ਵਿਚਾਰਿਆ ਗਿਆ | ਸੱਭ ਦੀ ਸਹਿਮਤੀ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਸੋਧ ਬਿਲ ਮੁੜ ਪੰਜਾਬ ਵਿਧਾਨ ਸਭਾ ਵਿਚ ਲਿਆਂਦੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਵਿਚ ਪਾਸ ਬਿਲ ਰਾਸ਼ਟਰਪਤੀ ਕੋਲ ਨਹੀਂ ਭੇਜੇ ਜਾਂਦੇ ਤਾਂ ਉਹ ਦੁਬਾਰਾ ਵਿਧਾਨ ਸਭਾ ਵਿਚ ਲਿਆਂਦੇ ਜਾ ਸਕਦੇ ਹਨ | ਜੇ ਦੋ ਵਾਰ ਕੋਈ ਬਿਲ ਵਿਧਾਨ ਸਭਾ ਵਿਚ ਪਾਸ ਹੋ ਜਾਵੇ ਤਾਂ ਉਹ ਰਾਜਪਾਲ ਨੂੰ ਰਾਸ਼ਟਰਪਤੀ ਕੋਲ ਭੇਜਣਾ ਹੀ ਪੈਂਦਾ ਹੈ | ਰਾਜਪਾਲ ਇਹ ਬਿਲ ਰੋਕ ਨਹੀਂ ਸਕਦਾ | ਸੰਵਿਧਾਨ ਦੇ ਆਰਕੀਟਲ 252 (2) ਤਹਿਤ ਸੂਬਿਆਂ ਨੂੰ ਕਾਨੂੰਨਾਂ ਵਿਚ ਸੋਧ ਲਈ ਅਧਿਕਾਰਤ ਕੀਤਾ ਗਿਆ ਹੈ |
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਪੰਜਾਬ ਦੇ ਵਫ਼ਦ ਨੂੰ ਇਸ ਲਈ ਮਿਲਣ ਦਾ ਸਮਾਂ ਨਹੀਂ ਸੀ ਦਿਤਾ ਕਿ ਉਨ੍ਹਾਂ ਕੋਲ ਰਾਜਪਾਲ ਨੇ ਬਿਲ ਹੀ ਨਹੀਂ ਭੇਜੇ ਸਨ | ਅੱਜ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਰਾਸ਼ਟਰਪਤੀ ਤੋਂ ਵੀ ਮਿਲਣ ਦਾ ਮੁੜ ਸਮਾਂ ਮੰਗਿਆ ਜਾਵੇਗਾ | ਕੈਪਟਨ ਨੇ ਕੇਂਦਰ ਨੂੰ ਇਹ ਵੀ ਚੇਤਾਵਨੀ ਦਿਤੀ ਕਿ ਕਿਸਾਨ ਅੰਦੋਲਨ ਦੇ ਚਲਦੇ ਰਾਸ਼ਟਰੀ ਸੁਰੱਖਿਆ ਦੇ ਖ਼ਤਰੇ ਨੂੰ ਵੀ ਪਾਕਿ ਵਰਗੇ ਦੇਸ਼ਾਂ ਕਾਰਨ ਹਲਕੇ ਵਿਚ ਨਹੀਂ ਲਿਆ ਸਕਦਾ ਅਤੇ ਇਸ ਲਈ ਮਸਲੇ ਦਾ ਛੇਤੀ ਹੱਲ ਦੇਸ਼ ਤੇ ਪੰਜਾਬ ਦੇ ਹਿਤ ਵਿਚ ਜ਼ਰੂਰੀ ਹੈ | ਮੀਟਿੰਗ ਵਿਚ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਅੰਦੋਲਨ ਵਿਚ ਸ਼ਹੀਦ ਹੋ ਰਹੇ ਕਿਸਾਨਾਂ ਦੇ ਪ੍ਰਵਾਰਾਂ ਦੇ ਕਰਜ਼ੇ ਮਾਫ਼ ਕਰਨ ਦੀ ਮੰਗ 'ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿਤਾ | ਸਰਬ ਪਾਰਟੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਐਮ.ਐਸ.ਪੀ. ਤੇ ਫ਼ਸਲਾਂ ਦੀ ਖ਼ਰੀਦ ਨੂੰ ਕਾਨੂੰਨੀ ਬਣਾਉਣ ਅਤੇ ਪਰਾਲੀ ਬਾਰੇ ਸੋਧ ਐਕਟ ਤੇ ਪ੍ਰਸਤਾਵਤ ਬਿਜਲੀ ਸੋਧ ਬਿਲ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਹੈ |
ਮੀਟਿੰਗ ਵਿਚ ਦਿੱਲੀ 'ਚ ਸਰਪ੍ਰਸਤੀ ਹਿੰਸਾ ਦੀ ਨਿੰਦਾ ਕੀਤੀ ਗਈ ਅਤੇ ਲਾਲ ਕਿਲ੍ਹੇ ਵਿਚ ਅਮਨ ਕਾਨੂੰਨ ਕਾਇਮ ਰੱਖਣ ਵਿਚ ਲਾਪ੍ਰਵਾਹੀ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਗਈ | ਦਿੱਲੀ ਘਟਨਾਕ੍ਰਮ ਸਮੇਂ ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣ ਤੇ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ |
ਡੱਬੀ
ਖਹਿਰਾ ਤੇ ਬੈਂਸ ਨੇ 'ਆਪ' ਦੇ ਵਾਕਆਊਟ ਨੂੰ ਕਿਹਾ, ਏਕਾ ਤੋੜਨ ਵਾਲਾ
ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ 'ਆਪ' ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੋ ਅਪਣੇ ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ ਨਾਲ ਸ਼ਾਮਲ ਹੋਏ ਸਨ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ 'ਆਪ' ਵਲੋਂ ਕੀਤੇ ਵਾਕਆਊਟ ਨੂੰ ਪਾਰਟੀਆਂ ਦੀ ਏਕਤਾ ਤੋੜਨ ਵਾਲਾ ਕਦਮ ਦਸਿਆ ਹੈ | ਦੋਹਾਂ ਹੀ ਆਗੂਆਂ ਨੇ ਕਿਹਾ ਕਿ ਆਪ ਦੀ ਪੰਜਾਬ ਪੁਲਿਸ ਤੈਨਾਤ ਕਰਨ ਦੀ ਮੰਗ ਗ਼ੈਰ ਸੰਵਿਧਾਨਕ ਤੇ ਫ਼ੈਡਰਲ ਢਾਂਚੇ ਦੇ ਉਲਟ ਹੈ | ਅੱਜ ਪੰਜਾਬ ਅਪਣੀ ਪੁਲਿਸ ਦਿੱਲੀ ਭੇਜੇਗਾ ਤਾਂ ਕਲ੍ਹ ਨੂੰ ਦਿੱਲੀ ਜਾਂ ਹਰਿਆਣਾ ਪੰਜਾਬ ਵਿਚ ਅਪਣੀ ਫ਼ੋਰਸ ਤੈਨਾਤ ਕਰ ਸਕਦਾ ਹੈ | ਇਹ ਕਿਸੇ ਵੀ ਤਰ੍ਹਾਂ ਵਾਜਬ ਮੰਗ ਨਹੀਂ |
ਡੱਬੀ
ਸਾਨੂੰ ਭਾਜਪਾ ਤੋਂ ਦੇਸ਼ ਭਗਤੀ ਸਿਖਣ ਦੀ ਲੋੜ ਨਹੀਂ : ਰੰਧਾਵਾ
ਮੀਟਿੰਗ ਤੋਂ ਬਾਅਦ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਭਾਜਪਾ ਤੋਂ ਦੇਸ਼ ਭਗਤੀ ਬਾਰੇ ਸਿਖਣ ਦੀ ਲੋੜ ਨਹੀਂ ਤੇ ਨਾ ਹੀ ਉਸ ਦਾ ਸਰਟੀਫ਼ੀਕੇਟ ਲੈਣਾ ਹੈ | ਇਹ ਗੱਲ ਭਾਜਪਾ ਪੰਜਾਬ ਦੇ ਆਗੂਆਂ ਵਲੋਂ ਕੀਤੀ ਇਸ ਟਿਪਣੀ ਦੇ ਜਵਾਬ ਵਿਚ ਕਹੀ ਕਿ ਪੰਜਾਬ ਸਰਕਾਰ ਤੇ ਕਾਂਗਰਸ ਹਿੰਸਾ ਕਰਨ ਵਾਲਿਆਂ ਦੇ ਕੇਸ ਲੜ ਰਹੀ ਹੈ ਜਿਨ੍ਹਾਂ ਨੇ ਦੇਸ਼ ਵਿਰੋਧੀ ਕੰਮ 26 ਜਨਵਰੀ ਨੂੰ ਕੀਤਾ | ਉਨ੍ਹਾਂ ਆਪ ਦੇ ਵਾਕ ਆਊਟ ਨੂੰ ਵੀ ਮੰਦਭਾਗਾ ਦਸਦਿਆ ਕਿਹਾ ਕਿ ਉਨ੍ਹਾਂ ਨੇ ਸੱਭ ਗੱਲਾਂ ਮੀਟਿੰਗ ਦੇ ਅੰਤ ਤਕ ਧਿਆਨ ਨਾਲ ਸੁਣੀਆਂ ਤੇ ਹਾਮੀ ਵੀ ਭਰੀ | ਪਰ ਅੰਤ ਵਿਚ ਪਤਾ ਨਹੀਂ ਕਿਥੋਂ ਸੁਨੇਹਾ ਆਇਆ ਪੰਜਾਬ ਪੁਲਿਸ ਦੀ ਤੈਨਾਤੀ ਦਾ ਮੁੱਦਾ ਉਠਾ ਕੇ ਵਾਕਆਊਟ ਕਰ ਗਏ | ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦਾ ਘਟਨਾਕ੍ਰਮ ਭਾਜਪਾ ਦੀ ਮਿਲੀਭੁਗਤ ਨਾਲ ਹੀ ਹੋਇਆ ਤੇ ਕਿਸਾਨਾਂ 'ਤੇ ਹਮਲੇ ਵੀ ਭਾਜਪਾ ਦੀ ਸ਼ਹਿ 'ਤੇ ਹੀ ਹੋ ਰਹੇ ਹਨ | ਸਿੱਖਾਂ ਤੇ ਪੰਜਾਬ ਨੂੰ ਬਦਨਾਮ ਦੀ ਕੋਸ਼ਿਸ਼ ਹੋ ਰਹੀ ਹੈ |
ਡੱਬੀ
ਦੁਸ਼ਮਣ ਦੇਸ਼ ਵਰਗਾ ਸਲੂਕ ਕਰ ਰਿਹੈ ਕੇਂਦਰ ਕਿਸਾਨਾਂ ਨਾਲ : ਜਾਖੜ
ਸਰਬ ਪਾਰਟੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਦੁਸ਼ਮਣ ਦੇਸ਼ ਵਰਗਾ ਸਲੂਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹੱਦਾਂ 'ਤੇ ਕਿਲਾਂ ਗੱਡ ਦਿਤੀਆਂ ਹਨ ਤੇ ਪੁਲਿਸ ਦੇ ਹੱਥਾਂ ਵਿਚ ਨੇਜ਼ੇ ਦੇ ਦਿਤੇ ਗਏ ਹਨ | ਉਨ੍ਹਾਂ 'ਆਪ' ਵਲੋਂ ਮੀਟਿੰਗ ਵਿਚੋਂ ਵਾਕ ਆਊਟ ਬਾਰੇ ਕਿਹਾ ਕਿ ਇਹ ਦੋਹਰੇ ਮਾਪਦੰਡ ਦਾ ਹੀ ਸਬੂਤ ਹੈ | ਉਨ੍ਹਾਂ ਕਿਹਾ ਕਿ ਕੇਂਦਰ ਤੋਂ ਮਸਲੇ ਦੀ ਉਮੀਦ ਨਹੀਂ ਲਗਦੀ ਤੇ ਇਹ ਧਰਨਿਆਂ ਨਾਲ ਸਮਝਣ ਵਾਲੀ ਨਹੀਂ ਬਲਕਿ ਆਉਣ ਵਾਲੇ ਸਮਿਆਂ ਵਿਚ ਚੋਣਾਂ ਰਾਹੀਂ ਵੱਡੇ ਸਿਆਸੀ ਝਟਕੇ ਮਿਲਣੇ ਚਾਹੀਦੇ ਹਨ | ਉਨ੍ਹਾਂ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਬਾਈਕਾਟ ਬਾਰੇ ਕਿਹਾ ਕਿ ਚੰਗਾ ਹੁੰਦਾ ਜੇ ਉਹ ਵੀ ਆ ਕੇ ਅਪਣਾ ਪੱਖ ਰੱਖਦੇ | ਸੁਖਬੀਰ ਬਾਦਲ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਸਰਬ ਪਾਰਟੀ ਮੀਟਿੰਗ ਵਿਚ ਬੈਠੇ ਹੋਣਾ ਚਾਹੀਦਾ ਸੀ, ਜਲਾਲਾਬਾਦ ਵਿਚ ਕਿਹੜੀ ਵੱਡੀ ਗੱਲ ਹੋ ਰਹੀ ਸੀ?