
ਪੱਤਰਕਾਰ ਮਨਦੀਪ ਪੂਨੀਆ ਨੂੰ ਮਿਲੀ ਜ਼ਮਾਨਤ
ਸਿੰਘੂ ਸਰਹੱਦ ਤੋਂ ਦਿੱਲੀ ਪੁਲਿਸ ਨੇ ਕੀਤਾ ਸੀ ਗਿ੍ਫ਼ਤਾਰ
ਨਵੀਂ ਦਿੱਲੀ, 2 ਫ਼ਰਵਰੀ : ਪੱਤਰਕਾਰ ਮਨਦੀਪ ਪੂਨੀਆ ਨੂੰ ਰੋਹਿਨੀ ਦੀ ਅਦਾਲਤ ਨੇ ਜ਼ਮਾਨਤ ਦੇ ਦਿਤੀ ਹੈ | ਮਨਦੀਪ ਨੂੰ ਅਦਾਲਤ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿਤੀ ਹੈ | ਮਨਦੀਪ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਜ਼ਮਾਨਤ ਇਕ ਨਿਯਮ ਹੈ ਜਦਕਿ ਜੇਲ ਇਕ ਅਪਵਾਦ ਹੈ | ਜ਼ਿਕਰਯੋਗ ਹੈ ਕਿ ਪੁਲਿਸ ਨੇ ਪੂਨੀਆ ਨੂੰ ਸਿੰਘੂ ਸਰਹੱਦ ਤੇ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਗਿ੍ਫ਼ਤਾਰ ਕੀਤਾ ਹੈ ਜਿਥੇ ਕਿਸਾਨ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ | ਪੁਲਿਸ ਨੇ ਪੂਨੀਆ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਐਫ਼ਆਈਆਰ ਦੇ ਅਧਾਰ 'ਤੇ ਗਿ੍ਫ਼ਤਾਰ ਕੀਤਾ, ਜਿਸ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 186, 353 ਅਤੇ 332 ਸ਼ਾਮਲ ਹਨ | ਅਪਣੇ ਪਤੀ ਦੀ ਜ਼ਮਾਨਤ 'ਤੇ ਪ੍ਰਤੀਕਰਮ ਦਿੰਦਿਆਂ ਮਨਦੀਪ ਦੀ
ਪਤਨੀ ਲੀਨਾ ਨੇ ਕਿਹਾ, Tਮੈਂ ਖੁਸ ਹਾਂ, ਸੰਤੁਸ਼ਟ ਹਾਂ ਕਿ ਉਹ ਜਲਦੀ ਬਾਹਰ ਆ ਜਾਣਗੇ | ਮੈਂ ਅਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਮਨਦੀਪ ਦੇ ਹੱਕ ਵਿਚ ਅਪਣੀ ਆਵਾਜ਼ ਬੁਲੰਦ ਕੀਤੀ |U
ਜ਼ਿਕਰਯੋਗ ਹੈ ਕਿ ਪੂਨੀਆ 'ਤੇ ਦਿੱਲੀ ਪੁਲਿਸ ਦੇ ਐਸ.ਐਚ.ਓ ਨਾਲ ਗਲਤ ਵਿਵਹਾਰ ਦਾ ਦੋਸ਼ ਲਗਾਇਆ ਗਿਆ ਹੈ | ਇਸ ਤੋਂ ਪਹਿਲਾਂ ਇਕ ਹੋਰ ਪੱਤਰਕਾਰ ਧਰਮਿੰਦਰ ਸਿੰਘ ਨੂੰ ਵੀ ਪੂਨੀਆ ਦੇ ਨਾਲ ਹਿਰਾਸਤ ਵਿਚ ਲਿਆ ਗਿਆ ਸੀ ਪਰ ਬਾਅਦ ਵਿਚ ਪੁਲਿਸ ਨੇ ਪੂਨੀਆ ਵਿਰੁਧ ਇਲਜ਼ਾਮ ਦਰਜ ਕਰਦਿਆਂ ਧਰਮਿੰਦਰ ਨੂੰ ਰਿਹਾ ਕਰ ਦਿਤਾ ਸੀ | ਪੁਲਿਸ ਨੇ ਦੋਵਾਂ ਪੱਤਰਕਾਰਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ ਜਦੋਂ ਦੋਵੇਂ ਸਿੰਘੂ ਸਰਹੱਦ 'ਤੇ ਕਵਰ ਕਰ ਰਹੇ ਸਨ | ਉਸ ਸਮੇਂ ਦੋਵੇਂ ਪੱਤਰਕਾਰ ਬੰਦ ਸੜਕ ਅਤੇ ਬੈਰੀਕੇਡਾਂ ਵੱਲ ਵੱਧ ਰਹੇ ਸਨ |
ਮਨਦੀਪ ਪੂਨੀਆ ਨੂੰ ਹਿਰਾਸਤ 'ਚ ਲਏ ਜਾਣ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਵੱਡੀ ਗਿਣਤੀ 'ਚ ਪੁਲਿਸ ਮੁਲਾਜਮ ਉਸ ਨੂੰ ਘੇਰ ਕੇ ਲੈ ਜਾ ਰਹੇ ਹਨ | ਹਿਰਾਸਤ ਵਿਚ ਲਏ ਜਾਣ ਤੋਂ ਕਈ ਘੰਟੇ ਪਹਿਲਾਂ, ਪੂਨੀਆ ਨੇ ਸਿੰਘੂ ਸਰਹੱਦ 'ਤੇ ਹਿੰਸਾ ਦੇ ਮਾਮਲੇ 'ਚ ਫੇਸਬੁੱਕ' ਤੇ ਇਕ ਲਾਈਵ ਵੀਡੀਉ ਸਾਂਝਾ ਕੀਤਾ ਸੀ | ਇਸ ਵਿਚ ਉਸ ਨੇ ਕਿਹਾ ਸੀ ਕਿ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੀ ਭੀੜ ਨੇ ਕਿਵੇਂ ਅੰਦੋਲਨ ਵਾਲੀ ਜਗ੍ਹਾ ਪੁਲਿਸ ਦੀ ਹਾਜ਼ਰੀ ਵਿਚ ਪੱਥਰ ਸੁੱਟੇ ਸਨ |
(ਪੀਟੀਆਈ)