
ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਬੋਰਡ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਨੂੰ ਹਰ ਹਾਲ ’ਚ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ।
PSEB News: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12 ਫਰਵਰੀ ਤੋਂ 30 ਮਾਰਚ ਤਕ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀਆਂ ਜੁੱਤੀਆਂ ਅਤੇ ਜੁਰਾਬਾਂ ਪ੍ਰੀਖਿਆ ਹਾਲ ’ਚ ਨਹੀਂ ਉਤਰਵਾਏ ਜਾਣਗੇ। ਲੋੜ ਪੈਣ ’ਤੇ ਕਿਸੇ ਵਿਦਿਆਰਥਣ ਦੀ ਤਲਾਸ਼ੀ ਵੀ ਮਹਿਲਾ ਨਿਗਰਾਨ ਤੋਂ ਹੀ ਕਰਵਾਏ ਜਾਣ ਦੇ ਹੁਕਮ ਸੁਪਰੀਡੈਂਟਾਂ ਨੂੰ ਬੋਰਡ ਵਲੋਂ ਜਾਰੀ ਕੀਤੇ ਗਏ ਹਨ।
ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਬੋਰਡ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਨੂੰ ਹਰ ਹਾਲ ’ਚ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਬੋਰਡ ਨੇ ਸਾਰੇ ਸੁਪਰੀਡੈਂਟਾਂ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਚੈਕਿੰਗ ਦੇ ਨਾਂ ’ਤੇ ਕਿਸੇ ਵੀ ਪ੍ਰੀਖਿਆਰਥੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ ਅਤੇ ਪ੍ਰੀਖਿਆਰਥੀ ਵਲੋਂ ਪਹਿਨੀਆਂ ਗਈਆਂ ਧਾਰਮਿਕ ਨਿਸ਼ਾਨੀਆਂ ਉਤਰਵਾਉਣ ਤੋਂ ਗੁਰੇਜ਼ ਕੀਤਾ ਜਾਵੇ।
ਪ੍ਰੀਖਿਆ ਕੇਂਦਰ ’ਚ ਨਿਗਰਾਨ ਸਟਾਫ਼ ਦੇ ਵੀ ਮੋਬਾਇਲ ਫੋਨ ਜਾਂ ਕਿਸੇ ਇਲੈਕਟ੍ਰਾਨਿਕ ਡਿਵਾਈਸ ਲਿਜਾਣ ’ਤੇ ਰੋਕ ਲਗਾ ਦਿਤੀ ਗਈ ਹੈ। ਇਹੀ ਨਹੀਂ, ਜੇਕਰ ਕੋਈ ਅਧਿਆਪਕ ਪ੍ਰੀਖਿਆ ਕੇਂਦਰ ’ਚ ਮੋਬਾਇਲ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ। ਜੇਕਰ ਕੋਈ ਪ੍ਰੀਖਿਆਰਥੀ ਇਲੈਕਟ੍ਰਾਨਿਕ ਡਿਵਾਈਸ ਜਾਂ ਮੋਬਾਇਲ ਦੀ ਵਰਤੋਂ ਪ੍ਰੀਖਿਆ ਕੇਂਦਰ ਦੇ ਅੰਦਰ ਕਰਦਾ ਫੜ੍ਹਿਆ ਗਿਆ ਤਾਂ ਉਸ ’ਤੇ ਅਣਉੱਚਿਤ ਸਾਧਨਾਂ ਦੀ ਵਰਤੋਂ ਕਰਨ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਪ੍ਰੀਖਿਆਰਥੀਆਂ ਨੂੰ ਪੇਪਰ ਦੇਣ ’ਚ ਕੋਈ ਮੁਸ਼ਕਲ ਨਾ ਆਵੇ, ਇਸ ਦੇ ਲਈ ਬੋਰਡ ਨੇ ਸਾਰੇ ਪ੍ਰੀਖਿਆ ਕੇਂਦਰਾਂ ’ਚ ਸਿੰਗਲ ਬੈਂਚ ਸਿੰਗਲ ਵਿਦਿਆਰਥੀ ਬਿਠਾਉਣ ਦੀ ਹੀ ਸ਼ਰਤ ਲਗਾ ਦਿਤੀ ਹੈ। ਇਹ ਵੀ ਸਾਫ਼ ਕਰ ਦਿਤਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ’ਚ ਬੈਚਾਂ ਦੀ ਕਮੀ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਕੇਂਦਰ ਕੰਟਰੋਲਰ ਨਾਲ ਸੰਪਰਕ ਕੀਤਾ ਜਾਵੇ ਪਰ ਕੋਈ ਵੀ ਪ੍ਰੀਖਿਆਰਥੀ ਜ਼ਮੀਨ ’ਤੇ ਬੈਠ ਕੇ ਪ੍ਰੀਖਿਆ ਦਿੰਦਾ ਨਾ ਪਾਇਆ ਜਾਵੇ। ਜਦਕਿ ਪ੍ਰੀਖਿਆ ਕੇਂਦਰ ਵੀ ਗਰਾਊਂਡ ਫਲੋਰ ’ਤੇ ਬਣਾਉਣ ਨੂੰ ਪਹਿਲ ਦਿਤੀ ਜਾਵੇ। ਬੋਰਡ ਨੇ ਸਾਰੇ ਸੁਪਰੀਡੈਂਟਾਂ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਪ੍ਰੀਖਿਆ ਕੇਂਦਰ ਦੇ ਮੁੱਖ ਗੇਟ ’ਤੇ ਤਾਲਾ ਨਾ ਲੱਗਾ ਹੋਵੇ ਅਤੇ ਉਥੇ ਚੌਥਾ ਦਰਜਾ ਮੁਲਾਜ਼ਮ ਦੀ ਨਿਯੁਕਤੀ ਯਕੀਨੀ ਤੌਰ ’ਤੇ ਹੋਣੀ ਚਾਹੀਦੀ ਹੈ।
ਪ੍ਰੀਖਿਆ ਕੇਂਦਰ ’ਚ ਵਾਟਰਮੈਨ ਦੇ ਵਾਰ-ਵਾਰ ਆਉਣ ਨੂੰ ਰੋਕਿਆ ਜਾਵੇ। ਸੱਭ ਤੋਂ ਅਹਿਮ ਹੁਕਮ ਜੋ ਬੋਰਡ ਨੇ ਦਿਤੇ ਹਨ, ਉਹ ਸੁਪਰੀਡੈਂਟਾਂ ਦੇ ਮਿਹਨਤਾਨੇ ਨੂੰ ਲੈ ਕੇ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸੈਂਟਰ ’ਚ ਕੋਈ ਯੂ.ਐਮ.ਸੀ. ਕੇਸ ਬਣਦਾ ਹੈ ਤਾਂ ਸੁਪਰੀਡੈਂਟ ਨੂੰ ਉਦੋਂ ਤਕ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ, ਜਦੋਂ ਤਕ ਕੇਸ ਹੱਲ ਨਹੀਂ ਹੋਵੇਗਾ। ਜੇਕਰ ਕਿਸੇ ਕੇਂਦਰ ’ਚ ਨਕਲ ਦਾ ਰੁਝਾਨ ਸਾਹਮਣੇ ਆਉਣ ਦੀ ਪੁਸ਼ਟੀ ਫਲਾਇੰਗ ਸਕੁਐਡ ਦੇ ਮੁਖੀ ਵਲੋਂ ਕੀਤੀ ਜਾਂਦੀ ਹੈ ਤਾਂ ਸਬੰਧਤ ਸਟਾਫ਼ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ।
ਇਨ੍ਹਾਂ ਗੱਲਾਂ ਦਾ ਵੀ ਰੱਖਣਾ ਪਵੇਗਾ ਧਿਆਨ
-ਕਿਸੇ ਵੀ ਵਿਦਿਆਰਥੀ ਨੂੰ ਰੋਲ ਨੰਬਰ ਸਲਿੱਪ ਤੋਂ ਬਿਨਾਂ ਪ੍ਰੀਖਿਆ ਕੇਂਦਰ ’ਚ ਦਾਖ਼ਲੇ ਦੀ ਮਨਜ਼ੂਰੀ ਨਹੀਂ ਹੋਵੇਗੀ।
-ਵਿਦਿਆਰਥੀ ਨੂੰ ਪਾਰਦਰਸ਼ੀ ਬੋਤਲ ’ਚ ਪਾਣੀ ਲਿਆਉਣ ਦੀ ਆਗਿਆ ਹੋਵੇਗੀ।
-ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ’ਤੇ ਇਕ ਘੰਟਾ ਪਹਿਲਾਂ ਪੁੱਜਣਾ ਜ਼ਰੂਰੀ ਹੈ।
-ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਸਾਰੀਆਂ ਵਿਵਸਥਾਵਾਂ ਪੂਰੀਆਂ ਹੋਣ।
-ਕੇਂਦਰ ਕੰਟਰੋਲਰ ਵਲੋਂ ਪ੍ਰਸ਼ਨ-ਪੱਤਰਾਂ ਦੇ ਸੀਲਬੰਦ ਪੈਕੇਟ ਖੋਲ੍ਹਦੇ ਸਮੇਂ ਸਮਾਂ ਦਰਜ ਕਰ ਕੇ ਅਪਣੇ ਅਤੇ ਡਿਪਟੀ ਸੁਪਰੀਡੈਂਟ, ਨਿਗਰਾਨ ਅਤੇ 2 ਵਿਦਿਆਰਥੀਆਂ ਦੇ ਦਸਤਖ਼ਤ ਵੀ ਕਰਵਾਉਣੇ ਹੋਣਗੇ।
-ਮੁੜ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਵੱਖਰਾ ਪ੍ਰਸ਼ਨ-ਪੱਤਰ ਹੋਵੇਗਾ
-ਪ੍ਰੀਖਿਆ ਵਾਲੇ ਦਿਨ ਉਸ ਵਿਸ਼ੇ ਅਧਿਆਪਕ ਦੀ ਡਿਊਟੀ ਨਹੀਂ ਹੋਵੇਗੀ। ਨਿਗਰਾਨੀ ਕਰਨ ਵਾਲਾ ਸਟਾਫ਼ ਸਬੰਧਤ ਸਕੂਲ ਤੋਂ ਹੋਵੇਗਾ।
-ਪ੍ਰੀਖਿਆ ਕੇਂਦਰ ਦੇ ਆਸ-ਪਾਸ ਧਾਰਾ 144 ਲੱਗੇਗੀ।
-ਡਿਊਟੀ ’ਤੇ ਤਾਇਨਾਤ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਪ੍ਰੀਖਿਆ ਕੇਂਦਰ ’ਚ ਦਾਖ਼ਲੇ ਦੀ ਆਗਿਆ ਨਹੀਂ ਹੋਵੇਗੀ।
(For more Punjabi news apart from PSEB issued strict orders for 10th and 12th exams, stay tuned to Rozana Spokesman)