
ਬਚਪਨ ’ਚ ਹੋਇਆ ਸੀ ਦੋਵਾਂ ਦਾ ਰਿਸ਼ਤਾ
Punjab News: ਗੁੱਜਰ ਬਰਾਦਰੀ ਨਾਲ ਸਬੰਧ ਰੱਖਦੇ ਯਾਰਾਂ ਵੱਲੋਂ ਬਚਪਨ ’ਚ ਧੀ ਤੇ ਭਤੀਜੇ ਦਾ ਤੈਅ ਕੀਤਾ ਰਿਸ਼ਤਾ ਉਨ੍ਹਾਂ ਦੇ ਜਵਾਨ ਹੋਣ ’ਤੇ ਤੋੜਨ ਤੋਂ ਖਫ਼ਾ ਹੋਏ ਮੁੰਡੇ ਨੇ ਆਪਣੇ ਤਾਏ ਤੇ ਸਾਥੀਆਂ ਨਾਲ ਮਿਲ ਕੇ ਸੁੱਤੇ ਪਏ ਮੰਗੇਤਰ ਦੇ ਪਿਤਾ ’ਤੇ ਹਮਲਾ ਕਰ ਦਿੱਤਾ, ਜਿਸ ਦੀ ਬੀਤੀ ਰਾਤ ਹਸਪਤਾਲ ’ਚ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ 5 ਵਿਅਕਤੀਆਂ ਸਣੇ ਕਈ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।
ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸਿੱਧਵਾਂ ਬੇਟ ਦੇ ਪਿੰਡ ਸਦਰਪੁਰਾ ਵਾਸੀ 28 ਸਾਲਾਂ ਸ਼ੌਕਤ ਅਲੀ ਨੇ ਦੱਸਿਆ ਕਿ ਉਹ ਗੁੱਜਰ ਬਰਾਦਰੀ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੀ ਬਰਾਦਰੀ ’ਚ ਆਪਸ ’ਚ ਹੀ ਬੱਚਿਆਂ ਦਾ ਰਿਸ਼ਤਾ ਛੋਟੇ ਹੁੰਦਿਆਂ ਹੀ ਤੈਅ ਕਰ ਦਿੱਤਾ ਜਾਂਦਾ ਹੈ। ਉਸ ਦੇ ਪਿਤਾ ਰਹਿਮਦੀਨ ਤੇ ਸ਼ਾਹਦੀਨ ਉਰਫ ਸਾਹੂਆ ਵਾਸੀ ਪਿੰਡ ਮਾਣਕਵਾਲ ਆਪਸ ’ਚ ਦੋਸਤ ਸਨ।
ਦੋਸਤੀ ’ਚ ਉਨ੍ਹਾਂ ਦੇ ਪਿਤਾ ਨੇ ਆਪਣੀ ਧੀ ਮੀਨਾ ਦਾ ਰਿਸ਼ਤਾ ਆਪਣੇ ਦੋਸਤ ਸ਼ਾਹ ਦੀਨ ਉਰਫ ਸਾਹੂਆ ਦੇ ਭਤੀਜੇ ਬਾਗ਼ੀ ਪੁੱਤਰ ਖੰਡੂ ਨਾਲ ਪੱਕਾ ਕਰ ਦਿੱਤਾ ਸੀ ਅਤੇ ਵੱਡੇ ਹੋਣ ’ਤੇ ਦੋਵਾਂ ਦਾ ਨਿਕਾਹ ਕਰਨ ਦਾ ਫੈਸਲਾ ਕੀਤਾ ਸੀ। ਕੁਝ ਸਮੇਂ ਪਹਿਲਾਂ ਉਸ ਦੇ ਪਿਤਾ ਅਤੇ ਉਨ੍ਹਾਂ ਦੇ ਦੋਸਤ ਸ਼ਾਹਦੀਨ ਦੀ ਆਪਸ ’ਚ ਅਣਬਣ ਹੋ ਗਈ ਜਿਸ ’ਤੇ ਉਸ ਦੇ ਪਿਤਾ ਨੇ ਮੀਨਾ ਦਾ ਨਿਕਾਹ ਸ਼ਾਹਦੀਨ ਦੇ ਭਤੀਜੇ ਬਾਗ਼ੀ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਸ਼ਾਹਦੀਨ ਉਸ ਦੇ ਪਿਤਾ ’ਤੇ ਮੀਨਾ ਦਾ ਨਿਕਾਹ ਕਰਨ ਲਈ ਜ਼ੋਰ ਪਾ ਰਿਹਾ ਸੀ। ਇਸ ਵਿਵਾਦ ’ਚ ਪੰਚਾਇਤ ਸੱਦੀ ਗਈ।
ਸ਼ਾਹਦੀਨ ਨੇ ਪੰਚਾਇਤ ’ਚ ਵੀ ਧਮਕੀ ਦਿੱਤੀ ਸੀ ਕਿ ਉਹ ਆਪਣੇ ਭਤੀਜੇ ਦੀ ਮੰਗ ਨਹੀਂ ਛੱਡੇਗਾ ਅਤੇ ਮੀਨਾ ਨੂੰ ਚੁੱਕ ਕੇ ਲੈ ਜਾਵੇਗਾ। ਸ਼ੌਕਤ ਅਲੀ ਅਨੁਸਾਰ ਕਰੀਬ 2 ਮਹੀਨੇ ਪਹਿਲਾਂ ਪਿਤਾ ਨੇ ਆਪਣੀ ਧੀ ਮੀਨਾ ਦਾ ਨਿਕਾਹ ਰਫ਼ੀ ਨਾਲ ਕਰ ਦਿੱਤਾ। ਇਸ ਰੰਜਿਸ਼ ’ਚ 31 ਜਨਵਰੀ ਦੀ ਰਾਤ ਜਦੋਂ ਸਾਰਾ ਪਰਿਵਾਰ ਪਿੰਡ ਸਦਰਪੁਰਾ ਘਰ ’ਚ ਸੁੱਤਾ ਪਿਆ ਸੀ ਤਾਂ ਰਾਤ ਕਰੀਬ 11:30 ਵਜੇ ਸ਼ਾਹਦੀਨ ਆਪਣੇ ਭਤੀਜੇ ਬਾਗ਼ੀ ਤੇ ਹੋਰਾਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਘਰ ’ਚ ਦਾਖ਼ਲ ਹੋ ਗਿਆ ਜਿਨ੍ਹਾਂ ਹੱਥ ’ਚ ਫੜੇ ਟਕੂਆ, ਦਾਤ ਬੇਸਬੈਟ ਤੇ ਕਿਰਪਾਨ ਨਾਲ ਉਸ ਦੇ ਪਿਤਾ ਰਹਿਮਦੀਨ ’ਤੇ ਹਮਲਾ ਬੋਲ ਦਿੱਤਾ।
ਖ਼ੂਨ ਨਾਲ ਲੱਥਪੱਥ ਉਸ ਦੇ ਪਿਤਾ ਨੂੰ ਗੰਭੀਰ ਜ਼ਖ਼ਮੀ ਕਰ ਕੇ ਉਕਤ ਸਾਰੇ ਫ਼ਰਾਰ ਹੋ ਗਏ। ਜਿਸ ’ਤੇ ਉਸ ਨੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪਿਤਾ ਨੂੰ ਇਲਾਜ ਲਈ ਸਿੱਧਵਾਂ ਬੇਟ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦਿਆਂ ਉਸ ਦੇ ਪਿਤਾ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ। ਲੁਧਿਆਣਾ ਦੇ ਨਿਊਰੋ ਲਾਈਫ ਮਿੱਤਲ ਹਸਪਤਾਲ ਵਿਖੇ ਬੀਤੀ ਰਾਤ ਇਲਾਜ ਦੌਰਾਨ ੳਸ ਦੇ ਪਿਤਾ ਦੀ ਮੌਤ ਹੋ ਗਈ।
ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ 31 ਜਨਵਰੀ ਦੀ ਰਾਤ ਨੂੰ ਸੁੱਤੇ ਪਏ ਰਹਿਮਦੀਨ ’ਤੇ ਹਮਲਾ ਕਰਨ ਅਤੇ ਉਸ ਦੀ ਬੀਤੀ ਰਾਤ ਮੌਤ ਹੋ ਜਾਣ ਦੇ ਮਾਮਲੇ ’ਚ ਥਾਣਾ ਸਿੱਧਵਾਂ ਬੇਟ ਵਿਖੇ 5 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਅਤੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।