
ਜ਼ਿਲ੍ਹਾ ਅੰਮ੍ਰਿਤਸਰ ’ਚ ਹਲਕਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਦੇ ਵਸਨੀਕ ਲਾਂਸ ਨਾਇਕ ਕੁਲਦੀਪ ਸਿੰਘ 5 ਸਿੱਖ ਰੈਜੀਮੈਂਟ...
ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ’ਚ ਹਲਕਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਦੇ ਵਸਨੀਕ ਲਾਂਸ ਨਾਇਕ ਕੁਲਦੀਪ ਸਿੰਘ 5 ਸਿੱਖ ਰੈਜੀਮੈਂਟ ਦੀ ਡਿਊਟੀ ਦੌਰਾਨ ਕਾਰਗਿਲ ਵਿਚ ਬਰਫ਼ ਦੇ ਤੂਫ਼ਾਨ ਹੇਠ ਆਉਣ ਕਾਰਨ ਮੌਤ ਹੋ ਗਈ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੇਗੀ ਅਤੇ ਇੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ।
ਸ਼ਹੀਦ ਕੁਲਦੀਪ ਸਿੰਘ ਅਪਣੇ ਪਿੱਛੇ ਪਤਨੀ ਅਤੇ ਛੋਟੇ ਬੇਟੇ ਤੋਂ ਇਲਾਵਾ ਅਪਣੇ ਮਾਤਾ-ਪਿਤਾ ਤੇ ਭਰਾ ਨੂੰ ਛੱਡ ਗਏ ਹਨ। ਪਰਵਾਰ ਨੂੰ ਅਪਣੇ ਬੇਟੇ ਦੇ ਜਾਣ ਦਾ ਦੁੱਖ ਵੀ ਹੈ ਅਤੇ ਨਾਲ ਹੀ ਸ਼ਹਾਦਤ ’ਤੇ ਮਾਣ ਵੀ ਹੈ। ਕੁਲਦੀਪ ਸਿੰਘ ਪਿਛਲੇ 16 ਸਾਲ ਤੋਂ ਫੌਜ ਵਿਚ ਸੇਵਾ ਨਿਭਾ ਰਹੇ ਸਨ। ਬੀਤੀ ਸ਼ਾਮ ਗਲੇਸ਼ੀਅਰ ਵਿਚ 15 ਫ਼ੌਜੀਆਂ ਦਾ ਇਕ ਦਸਤਾ ਗਸ਼ਤ ਲਕਰ ਰਿਹਾ ਸੀ। ਲਾਂਸ ਨਾਇਕ ਕੁਲਦੀਪ ਸਿੰਘ ਇਸ ਦਸਤੇ ਦੀ ਅਗਵਾਈ ਕਰ ਰਹੇ ਸਨ। ਅਚਾਨਕ ਬਰਫ਼ ਦਾ ਤੂਫਾਨ ਆਇਆ ਤੇ ਬਰਫ਼ ਵਿਚ ਦੱਬਣ ਕਰਕੇ ਕੁਲਦੀਪ ਸਿੰਘ ਦੀ ਮੌਤ ਹੋ ਗਈ।