
ਚੰਡੀਗੜ੍ਹ : ਕਾਂਗਰਸ ਸਰਕਾਰ ਦੀ ਨੀਅਤ ਸ਼ਰਾਬ ਛੁਡਾਉਣ ਜਾਂ ਘਟਾਉਣ ਦੀ ਨਹੀਂ ਸਗੋਂ ਵਧਾਉਣ ਦੀ ਹੈ। 739 ਕਰੋੜ ਰੁਪਏ ਦੇ ਵਾਧੂ ਟੀਚੇ...
ਚੰਡੀਗੜ੍ਹ : ਕਾਂਗਰਸ ਸਰਕਾਰ ਦੀ ਨੀਅਤ ਸ਼ਰਾਬ ਛੁਡਾਉਣ ਜਾਂ ਘਟਾਉਣ ਦੀ ਨਹੀਂ ਸਗੋਂ ਵਧਾਉਣ ਦੀ ਹੈ। 739 ਕਰੋੜ ਰੁਪਏ ਦੇ ਵਾਧੂ ਟੀਚੇ ਦੀ ਪੂਰਤੀ ਲਈ ਸਰਕਾਰ ਨੇ ਸ਼ਰਾਬ ਅਤੇ ਬੀਅਰ ਦੇ ਕੋਟੇ 'ਚ 10 ਤੋਂ 16 ਫ਼ੀਸਦੀ ਦਾ ਵਾਧਾ ਕਰ ਕੇ ਸੂਬੇ ਅੰਦਰ ਸ਼ਰਾਬ ਦਾ ਹੜ੍ਹ ਲਿਆਉਣ ਦੀ ਤਿਆਰੀ ਕਰ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ।
ਕੈਪਟਨ ਮੰਤਰੀ ਮੰਡਲ ਵੱਲੋਂ ਵਿੱਤੀ ਸਾਲ 2019-20 ਲਈ ਐਲਾਨੀ ਨਵੀਂ ਐਕਸਾਈਜ਼ ਨੀਤੀ 'ਤੇ ਸਵਾਲ ਚੁੱਕਦਿਆਂ ਚੀਮਾ ਨੇ ਕਿਹਾ ਕਿ ਨਵੀਂ ਨੀਤੀ 'ਚ ਪੁਰਾਣੀ ਪਹੁੰਚ ਹੀ ਅਪਣਾਈ ਗਈ ਹੈ। ਸੂਬੇ 'ਚ ਸਰਗਰਮ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਅਤੇ ਸ਼ਰਾਬ ਦੇ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਲਈ ਸਰਕਾਰੀ ਨੀਤੀ ਅਤੇ ਨੀਅਤ ਪੂਰੀ ਤਰਾਂ ਗ਼ਾਇਬ ਹੈ।
Alcohol-2ਮਹਿੰਗੀ ਹੋਵੇਗੀ ਸ਼ਰਾਬ : ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ 'ਚ ਵਿੱਤੀ ਵਰ੍ਹੇ 2019-20 ਲਈ ਚਾਲੂ ਵਰ੍ਹੇ 'ਚ 5462 ਕਰੋੜ ਰੁਪਏ ਦੀ ਸੰਭਾਵੀ ਉਗਰਾਹੀ ਦੇ ਮੁਕਾਬਲੇ 6201 ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਹੈ। ਇਸ 739 ਕਰੋੜ ਰੁਪਏ ਦੇ ਵਾਧੂ ਟੀਚੇ ਦੀ ਪੂਰਤੀ ਲਈ ਸਰਕਾਰ ਨੇ ਜਿੱਥੇ ਸ਼ਰਾਬ ਅਤੇ ਬੀਅਰ ਦੇ ਕੋਟੇ 'ਚ 10 ਤੋਂ ਲੈ ਕੇ 16 ਫ਼ੀਸਦੀ ਦਾ ਵਾਧਾ ਕਰ ਕੇ ਸੂਬੇ ਅੰਦਰ ਸ਼ਰਾਬ ਦਾ ਹੜ੍ਹ ਲਿਆਉਣ 'ਚ ਕੋਈ ਕਸਰ ਨਹੀਂ ਛੱਡੀ, ਉੱਥੇ ਨਾਲ ਦੀ ਨਾਲ ਸ਼ਰਾਬ ਮਹਿੰਗੀ ਕਰਨ ਦੇ ਇਰਾਦੇ ਵੀ ਸਪਸ਼ਟ ਕਰ ਦਿੱਤੇ ਹਨ। ਮਤਲਬ ਸ਼ਰਾਬ ਦੀ ਖਪਤ ਵੀ ਵਧਾਈ ਜਾ ਰਹੀ ਹੈ ਅਤੇ ਮੁੱਲ ਵੀ ਵਧਾਇਆ ਜਾ ਰਿਹਾ ਹੈ।
Alcohol-3ਸਰਕਾਰ ਦੀ ਨੀਅਤ ਅਤੇ ਨੀਤੀ ਦੋਵੇਂ ਗ਼ਲਤ : ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਮਾਲੀਆ ਵਧਾਉਣ ਲਈ ਸ਼ਰਾਬ ਦੇ ਮੁੱਲ ਵਧਾਉਣ 'ਤੇ ਉਨ੍ਹਾਂ ਨੂੰ ਇਤਰਾਜ਼ ਨਹੀਂ ਜਿੰਨਾ ਸ਼ਰਾਬ ਅਤੇ ਬੀਅਰ ਦਾ ਕੋਟਾ ਵਧਾਉਣ 'ਤੇ ਹੈ। ਬੀਅਰ ਦਾ ਕੋਟਾ 16 ਫ਼ੀਸਦੀ ਵਧਾ ਕੇ 2.53 ਕਰੋੜ ਬਲਕ ਲੀਟਰ ਤੋਂ 3 ਕਰੋੜ ਬਲਕ ਲੀਟਰ ਅਤੇ ਦੇਸੀ ਸ਼ਰਾਬ ਦਾ ਕੋਟਾ 5.78 ਕਰੋੜ ਪਰੂਫ਼ ਲੀਟਰ ਤੋਂ ਸਿੱਧਾ 10 ਫ਼ੀਸਦੀ ਵਧਾ ਕੇ 6.36 ਕਰੋੜ ਕਰ ਕੇ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਦੀ ਨੀਅਤ ਸ਼ਰਾਬ ਛੁਡਾਉਣ ਜਾਂ ਘਟਾਉਣ ਦੀ ਨਹੀਂ ਸਗੋਂ ਵਧਾਉਣ ਦੀ ਹੈ। ਸਰਕਾਰ 'ਤੇ ਤਾਜ਼ਾ ਰਾਸ਼ਟਰੀ ਸਰਵੇ ਦੇ ਉਸ ਸਨਸਨੀਖ਼ੇਜ਼ ਖ਼ੁਲਾਸੇ ਦਾ ਕੋਈ ਅਸਰ ਨਹੀਂ ਹੋਇਆ ਜਿਸ ਮੁਤਾਬਕ 18 ਸਾਲ ਤੋਂ ਘੱਟ ਉੱਪਰ ਦੇ ਬੱਚਿਆਂ ਵੱਲੋਂ ਸ਼ਰਾਬ-ਬੀਅਰ ਪੀਣ 'ਚ ਪੰਜਾਬ ਦੇਸ਼ ਭਰ 'ਚ ਨੰਬਰ ਇੱਕ 'ਤੇ ਹੈ।
Alcohol-4ਸਰਕਾਰੀ ਖ਼ਜ਼ਾਨੇ ਨੂੰ ਹਰ ਸਾਲ ਲਗਾਇਆ ਜਾ ਰਿਹੈ ਕਰੋੜਾਂ ਰੁਪਏ ਦਾ ਚੂਨਾ : ਚੀਮਾ ਨੇ ਕਿਹਾ ਕਿ ਪੰਜਾਬ 'ਚ ਸਿਆਸਤਦਾਨਾਂ, ਅਫ਼ਸਰਾਂ ਦੀ ਮਿਲੀਭੁਗਤ ਨਾਲ ਜੋ ਸ਼ਰਾਬ ਮਾਫ਼ੀਆ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹੈ ਉਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਪ੍ਰਤੀ ਸਾਲ ਘੱਟੋ-ਘੱਟ 3000 ਕਰੋੜ ਦਾ ਸਿੱਧਾ ਚੂਨਾ ਲੱਗ ਰਿਹਾ ਹੈ ਅਤੇ ਖਪਤਕਾਰਾਂ ਨੂੰ ਬਾਹਰੀ ਸੂਬਿਆਂ ਅਤੇ ਸ਼ਰਾਬ ਫ਼ੈਕਟਰੀਆਂ ਵਿੱਚ 2 ਨੰਬਰ 'ਚ ਸਮਗਲਿੰਗ ਹੋ ਕੇ ਆ ਰਹੀ ਘਟੀਆ ਸ਼ਰਾਬ ਪਿਲਾਈ ਜਾ ਰਹੀ। ਚੀਮਾ ਨੇ ਤਸਕਰੀ ਰੋਕਣ ਲਈ ਆਬਕਾਰੀ ਵਿਭਾਗ ਦੀ ਬਟਾਲੀਅਨ ਸਥਾਪਤ ਕਰਨ ਨੂੰ ਅੱਖਾਂ 'ਚ ਘੱਟਾ ਪਾਉਣ ਵਾਲਾ ਕਦਮ ਕਰਾਰ ਦਿੱਤਾ।