
ਪੰਜਾਬ ਦੇ ਆਜ਼ਾਦੀ ਸੰਗਰਾਮੀਆਂ ਦਾ ਅੰਡੇਮਾਨ ਨਾਲ ਜੁੜੇ ਇਤਿਹਾਸ ਦੀ ਖੋਜ ਦਾ ਕੰਮ ਯੂਨੀਵਰਸਟੀ ਨੂੰ ਦਿਤਾ ਜਾਵੇ
ਚੰਡੀਗੜ੍ਹ: ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਅੰਡੇਮਾਨ ਅਤੇ ਨਿਕੋਬਾਰ 'ਚ ਕੈਦੀ ਬਣਾ ਕੇ ਭੇਜੇ ਗਏ ਪੰਜਾਬੀ ਆਜ਼ਾਦੀ ਸੰਗਰਾਮੀਆਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ, ਬਣਾਈ ਗਈ ਕਮੇਟੀ ਨੇ ਅਪਣੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕੀਤੀ। ਕਮੇਟੀ ਦੇ ਚੇਅਰਮੈਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਇਹ ਰੀਪੋਰਟ ਪੇਸ਼ ਕੀਤੀ।
Photo
ਕਮੇਟੀ ਨੇ ਅਪਣੀ ਰੀਪੋਰਟ ਵਿਚ ਕਈ ਅਹਿਮ ਸੁਝਾਅ ਦਿਤੇ ਹਨ। ਕਮੇਟੀ ਨੇ ਕਈ ਬੈਠਕਾਂ ਕਰ ਕੇ ਅੰਡੇਮਾਨ ਅਤੇ ਨਿਕੋਬਾਰ ਦੇ ਪੁਰਾਣੇ ਇਤਿਹਾਸ ਦੀ ਜਾਣਕਾਰੀ ਜਾਰੀ ਕੀਤੀ ਹੈ। ਆਜ਼ਾਦੀ ਸੰਗਰਾਮੀਆਂ ਨੂੰ ਅੰਗਰੇਜ਼ਾਂ ਨੇ ਕੈਦੀ ਬਣਾ ਕੇ ਜਿਸ ਤਰ੍ਹਾਂ ਅਵਾਨਵੀ ਤਸੀਹੇ ਦਿਤੇ ਅਤੇ ਅਣ ਗਿਣਤ ਸੰਗਰਾਮੀਏ ਉਥੇ ਸ਼ਹੀਦ ਹੋ ਗਏ। ਕੁੱਝ ਸੰਗਰਾਮੀਆਂ ਦੇ ਪਰਵਾਰ ਉਥੇ ਹੀ ਵਸ ਗਏ ਸਨ।
Photo
ਕਮੇਟੀ ਨੇ ਮੁੱਖ ਤੌਰ 'ਤੇ ਸ਼ਿਫ਼ਾਰਸ਼ ਕੀਤੀ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦਾ ਆਜ਼ਾਦੀ ਸੰਗਰਾਮ ਨਾਲ ਲੰਮਾ ਚੌੜਾ ਇਤਿਹਾਸ ਜੁੜਿਆ ਹੈ। ਇਸ ਇਤਿਹਾਸ ਦੀ ਡੂੰਘਾਈ ਨਾਲ ਘੋਖ ਕਰਨ ਲਈ ਇਹ ਪ੍ਰਾਜੈਕਟ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਪੰਜਾਬੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਸੰਗਰਾਮੀਆਂ ਦੇ ਪਰਵਾਰਾਂ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ।
Photo
ਕਮੇਟੀ ਨੇ ਇਹ ਵੀ ਸ਼ਿਫ਼ਾਰਸ਼ ਕੀਤੀ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਵਿਚ ਵਸੇ ਪੰਜਾਬੀ ਪਰਵਾਰਾਂ ਨੂੰ ਘਟ ਗਿਣਤੀਆਂ ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ ਤਕ ਪਹੁੰਚ ਕੀਤੀ ਜਾਵੇ। ਇਕ ਹੋਰ ਅਹਿਮ ਸ਼ਿਫ਼ਾਰਸ਼ ਕੀਤੀ ਹੈ ਕਿ ਉਥੇ ਵਸੇ ਪੰਜਾਬੀ ਪਰਵਾਰਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਣ ਲਈ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ ਵਿਸਾਖੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣ।
Photo
ਕਮੇਟੀ ਨੇ 124 ਆਜ਼ਾਦੀ ਸੰਗਰਾਮੀਆਂ ਦੇ ਨਾਮ ਅਤੇ ਪਤੇ ਆਦਿ ਦੀ ਇਕ ਸੂਚੀ ਵੀ ਰਿਪੋਰਟ ਵਿਚ ਦਰਜ ਕੀਤੀ ਹੈ। ਇਸ ਤੋਂ ਇਲਾਵਾ ਬਰਮਾ ਦੀ ਧਰਤੀ ਤੋਂ ਗਦਰ ਕਰਨ ਵਾਲਿਆਂ ਦਾ ਵੀ ਜ਼ਿਕਰ ਕੀਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦਾ ਬਹੁਤ ਹੀ ਅਹਿਮ ਇਤਿਹਾਸ ਹੈ। ਪੰਜਾਬੀਆਂ ਨੇ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਦਿਤੀਆਂ ਅਤੇ ਕਿਨੇ ਤਸੀਹੇ ਝੱਲੇ। ਇਸ ਦਾ ਬਹੁਤ ਲੰਮਾ ਚੌੜਾ ਇਤਿਹਾਸ ਹੈ।