
ਉਹਨਾਂ ਨੇ ਸਿੱਖ ਭਾਈਚਾਰੇ ਵੱਲੋਂ ਮਸਜਿਦ ਲਈ ਦਿੱਤੀ ਗਈ ਜ਼ਮੀਨ ਅਤੇ ਰਾਸ਼ੀ ਨੂੰ ਵਾਪਸ ਕਰਦੇ ਹੋਏ ਗੁਰਦੁਆਰਾ ਨਿਰਮਾਣ ਵਿਚ ਪੂਰੀ ਮਦਦ ਕਰਨ ਦਾ ਭਰੋਸਾ ਦਿਤਾ ਹੈ।
ਸਹਾਰਨਪੁਰ: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲ ਕੇ 10 ਸਾਲ ਪੁਰਾਣਾ ਵਿਵਾਦ ਖਤਮ ਕੀਤਾ ਹੈ। ਧਾਰਮਿਕ ਸਥਾਨ ਦਾ ਵਿਵਾਦ ਹੱਲ ਹੋਣ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਫਿਰਕੂ ਸਦਭਾਵਨਾ ਦੀ ਮਿਸਾਲ ਪੇਸ਼ ਕੀਤੀ ਹੈ। ਉਹਨਾਂ ਨੇ ਸਿੱਖ ਭਾਈਚਾਰੇ ਵੱਲੋਂ ਮਸਜਿਦ ਲਈ ਦਿੱਤੀ ਗਈ ਜ਼ਮੀਨ ਅਤੇ ਰਾਸ਼ੀ ਨੂੰ ਵਾਪਸ ਕਰਦੇ ਹੋਏ ਗੁਰਦੁਆਰਾ ਨਿਰਮਾਣ ਵਿਚ ਪੂਰੀ ਮਦਦ ਕਰਨ ਦਾ ਭਰੋਸਾ ਦਿਤਾ ਹੈ।
ਇਸ ਵਿਵਾਦ ਨੂੰ ਖਤਮ ਕਰਨ ਲਈ ਉਹਨਾਂ ਨੂੰ ਦਿੱਲੀ ਹਿੰਸਾ ਦੌਰਾਨ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਸਾਂਝ ਦੇਖ ਕੇ ਪ੍ਰੇਰਣਾ ਮਿਲੀ। ਸਹਾਰਨਪੁਰ ਵਿਚ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਇਕ ਪਲਾਟ ਨੂੰ ਲੈ ਕੇ ਝਗੜਾ ਚੱਲ਼ ਰਿਹਾ ਸੀ। ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਕੰਪਲੈਕਸ ਲਈ ਇਹ ਜ਼ਮੀਨ ਖਰੀਦੀ ਸੀ।
ਜ਼ਮੀਨ ਖਰੀਦਣ ਤੋਂ ਬਾਅਦ ਇਸ ਦਾ ਮੌਜੂਦਾ ਢਾਂਚਾ ਢਾਹ ਦਿੱਤਾ ਗਿਆ ਸੀ, ਜਿਸ ਬਾਰੇ ਮੁਸਲਮਾਨਾਂ ਦਾ ਦਾਅਵਾ ਸੀ ਕਿ ਇਹ ਇਕ ਪੁਰਾਣੀ ਮਸਜਿਦ ਸੀ। ਇਸ ਤੋਂ ਬਾਅਦ ਸਿੱਖਾ ਨੇ ਮੁਸਲਮਾਨਾਂ ਨੂੰ ਦੂਜਾ ਪਲਾਟ ਦੇਣ ਦਾ ਫੈਸਲਾ ਕੀਤਾ। ਪਰ ਹੁਣ ਮੁਸਲਮਾਨਾਂ ਨੇ ਦਿੱਲੀ ਹਿੰਸਾ ਦੇ ਸ਼ਿਕਾਰ ਮੁਸਲਮਾਨਾਂ ਦੀ ਸਿੱਖਾਂ ਵੱਲੋਂ ਕੀਤੀ ਗਈ ਮਦਦ ਤੋਂ ਪ੍ਰਭਾਵਿਤ ਹੋ ਕੇ ਇਸ ‘ਤੇ ਅਪਣਾ ਦਾਅਵਾ ਛੱਡਣ ਦਾ ਫੈਸਲਾ ਕੀਤਾ ਹੈ।
ਉਹ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ ਮੁਸਲਮਾਨਾਂ ਦੇ ਪ੍ਰਦਰਸ਼ਨ ਨੂੰ ਸਿੱਖਾਂ ਦੇ ਸਮਰਥਨ ਤੋਂ ਵੀ ਪ੍ਰਭਾਵਿਤ ਹਨ। ਇਸ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕਿ ਮੁਸਲਿਮ ਸਮਾਜ ਨੇ ਮਸਜਿਦ ਲਈ ਸਿੱਖ ਸਮਾਜ ਕੋਲ ਕਿਸੇ ਵੀ ਤਰ੍ਹਾਂ ਦੀ ਮੰਗ ਨਹੀਂ ਕੀਤੀ ਸੀ। ਗੁਰਦੁਆਰਾ ਹੋਵੇ ਜਾਂ ਮਸਜਿਦ, ਦੋਵੇਂ ਹੀ ਖੁਦਾ ਦੇ ਘਰ ਹਨ, ਇਸ ਲਈ ਸਿੱਖ ਸਮਾਜ ਨੇ ਮਸਜਿਦ ਲਈ ਜ਼ਮੀਨ ਦਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਸਲਿਮ ਸਮਾਜ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਇਸਲਾਮਿਕ ਫਾਂਊਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਮੁਹੰਮਦ ਅਲੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਲਤਫਹਿਮੀ ਹੋ ਗਈ ਸੀ। ਇਸ ਲਈ 2010 ਤੋਂ ਵਿਵਾਦ ਚੱਲ ਰਿਹਾ ਸੀ। ਅਸੀਂ ਨਹੀਂ ਚਾਹੁੰਦੇ ਕਿ ਇਸ ਕਾਰਨ ਕਿਸੇ ਵੀ ਭਾਈਚਾਰੇ ਵਿਚਕਾਰ ਕੋਈ ਹੋਰ ਗਲਤਫਹਿਮੀ ਪੈਦਾ ਹੋਵੇ।
ਜ਼ਿਕਰਯੋਗ ਹੈ ਕਿ 2014 ਵਿਚ ਇਸ ਵਿਵਾਦ ਕਾਰਨ ਸਹਾਰਨਪੁਰ ਵਿਖੇ ਹਿੰਸਾ ਹੋਈ ਸੀ। ਹਾਲਾਂਕਿ ਪਿਛਲੇ ਸਾਲ ਤੋਂ ਦੋਵੇਂ ਭਾਈਚਾਰਿਆਂ ਵਿਚਕਾਰ ਸਬੰਧਾਂ ਵਿਚ ਸੁਧਾਰ ਆ ਰਿਹਾ ਹੈ। ਇਸ ਵਿਵਾਦ ਦੇ ਨਿਪਟਾਰੇ ਵਿਚ ਸਹਾਰਨਪੁਰ ਪ੍ਰਸ਼ਾਸਨ ਦੀ ਭੂਮਿਕਾ ਅਹਿਮ ਰਹੀ ਹੈ।