
ਨਿਊ ਸਾਊਥ ਵੇਲਜ਼ ਦੀ ਆਸਟ੍ਰੇਲੀਆ ਡੇ ਕਾਂਊਸਿਲ ਅਤੇ ਸੂਬਾ ਸਰਕਾਰ ਵੱਲੋਂ ਸਿਡਨੀ ਓਪੇਰਾ ਹਾਊਸ ਵਿਚ ਇਕ ਖ਼ਾਸ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ।
ਸਿਡਨੀ: ਨਿਊ ਸਾਊਥ ਵੇਲਜ਼ ਦੀ ਆਸਟ੍ਰੇਲੀਆ ਡੇ ਕਾਂਊਸਿਲ ਅਤੇ ਸੂਬਾ ਸਰਕਾਰ ਵੱਲੋਂ ਸਿਡਨੀ ਓਪੇਰਾ ਹਾਊਸ ਵਿਚ ਇਕ ਖ਼ਾਸ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ। ਇਹ ਪ੍ਰਦਰਸ਼ਨੀ ਉਹਨਾਂ ਵਲੰਟੀਅਰਾਂ ਦੀ ਭੂਮਿਕਾ ਨੂੰ ਯਾਦਗਾਰ ਬਣਾਉਣ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਅਯੋਜਿਤ ਕੀਤੀ ਗਈ, ਜਿਨ੍ਹਾਂ ਨੇ ਆਸਟ੍ਰੇਲੀਆ ਵਿਚ ਫੈਲੇ ਭਿਆਨਕ ਅੱਗ ਦੇ ਮੰਜ਼ਰ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ
।Photo
ਇਸ ਦੌਰਾਨ ਸਿੱਖ ਵਲੰਟੀਅਰਜ਼ ਆਸਟਰੇਲੀਆ ਸਮੇਤ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਵਲੰਟੀਅਰਾਂ ਦੀਆਂ ਤਸਵੀਰਾਂ ਸਿਡਨੀ ਓਪੇਰਾ ਹਾਊਸ ਦੇ ਜਹਾਜ਼ ਉੱਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਇਸ ਦੌਰਾਨ ਸਿਡਨੀ ਓਪੇਰਾ ਹਾਊਸ ਦੇ ਮਸ਼ਹੂਰ ਜਹਾਜ਼ ਨੂੰ ਸਿੱਖਾਂ ਦੀਆਂ ਤਸਵੀਰਾਂ ਨਾਲ ਰੁਸ਼ਨਾਇਆ ਗਿਆ। ਇਹਨਾਂ ਸਿੱਖਾਂ ਨੇ ਵਿਕਟੋਰੀਆ ਵਿਚ ਅੱਗ ਪੀੜਤਾਂ ਲਈ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਖਾਣਾ ਪਹੁੰਚਾਇਆ ਸੀ।
Photo
ਇਸ ਪ੍ਰਦਰਸ਼ਨੀ ਵਿਚ ਮੈਲਬਰਨ ਦੀ ਚੈਰਿਟੀ ਸੰਸਥਾ ‘ਸਿੱਖ ਵਲੰਟੀਅਰਜ਼ ਆਸਟਰੇਲੀਆ’ ਦੇ ਤਿੰਨ ਵਾਲੰਟੀਅਰਾਂ ਦੀਆਂ ਤਸਵੀਰਾਂ ਨੂੰ ਪੇਸ਼ ਕੀਤਾ ਗਿਆ, ਜੋ ਪੂਰਬੀ ਜਿਪਸਲੈਂਡ ਖੇਤਰ ਵਿਚ ਪ੍ਰਭਾਵਿਤ ਲੋਕਾਂ ਲਈ ਖਾਣਾ ਤਿਆਰ ਕਰ ਕੇ ਉਹਨਾਂ ਦੀ ਮਦਦ ਕਰ ਰਹੇ ਸਨ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਮੈਂਬਰ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਵੱਡੇ ਪੱਧਰ ‘ਤੇ ਹੋ ਰਹੀ ਉਹਨਾਂ ਦੀ ਸ਼ਲਾਘਾ ਲਈ ਉਹ ਸਾਰਿਆਂ ਦੇ ਸ਼ੁਕਰਗੁਜ਼ਾਰ ਹਨ।
Photo
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਜਿਹੀ ਸ਼ਲਾਘਾ ਹੋਰਾਂ ਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਪ੍ਰੇਰਨਾ ਦਿੰਦੀ ਹੈ। ਇਹ ਸਾਨੂੰ ਰਾਹ ਵਿਚ ਆ ਰਹੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਲਈ ਪ੍ਰੇਰਦੀ ਹੈ। ਸਿੱਖ ਵਲੰਟੀਅਰਜ਼ ਆਸਟਰੇਲੀਆ ਦੇ ਮੈਂਬਰ ਜਸਵਿੰਦਰ ਸਿੰਘ ਨੇ ਕਿਹਾ, ‘ਜਿੱਥੇ ਵੀ ਲੋੜ ਪਈ ਅਸੀਂ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ”।
Photo
ਇਸ ਦੇ ਨਾਲ ਹੀ ਯੂਨਾਈਟਿਡ ਸਿੱਖਸ ਦੇ ਨੈਸ਼ਨਲ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ, “ਅਸੀਂ ਗਰਾਊਂਡ ਜ਼ੀਰੋ 'ਤੇ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਾਂ। ਸਾਡੇ ਵਾਲੰਟੀਅਰ ਨੇ ਤਰਨੀਤ ਗੁਰੂਦਵਾਰਾ ਸਾਹਿਬ ਵਿਖੇ ਖਾਣਾ ਤਿਆਰ ਕਰਨ ਤੋਂ ਬਾਅਦ ਅੱਗ ਬੁਝਾਉਣ ਵਾਲਿਆਂ ਨੂੰ ਵੀ ਭੋਜਨ ਦੀ ਪੇਸ਼ਕਸ਼ ਕੀਤੀ ”
Photo
ਪਿਛਲੇ ਸਾਲ ਦਸੰਬਰ ਵਿਚ ਸਿੱਖ ਵਲੰਟੀਅਰਾਂ ਦੇ ਇਕ ਸਮੂਹ ਨੇ ਪੂਰਬੀ ਜਿਪਸਲੈਂਡ ਦੇ ਇਕ ਸ਼ਹਿਰ ਬੈਰਨਸਡੇਲ ਵਿਚ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਸੀ। ਉਹਨਾਂ ਨੇ ਅਪਣਾ ਘਰ ਛੱਡ ਕੇ ਇਕ ਸਥਾਨਕ ਹੋਟਲ ਵਿਚ ਖਾਣਾ ਬਣਾ ਕੇ ਪੀੜਤਾਂ ਤੱਕ ਪਹੁੰਚਾਇਆ।
Photo
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਨੇ ਭਿਆਨਕ ਰੂਪ ਲੈ ਲਿਆ ਸੀ, ਜਿਸ ਕਾਰਨ ਕਾਫ਼ੀ ਵੱਡੀ ਗਿਣਤੀ ਵਿਚ ਜੰਗਲੀ ਜਾਨਵਰਾਂ ਦੀ ਮੌਤ ਹੋਈ ਅਤੇ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ ਆਸਟ੍ਰੇਲੀਆ ਵਿਚ ਰਹਿ ਰਹੇ ਕੁਝ ਸਿੱਖਾਂ ਨੇ ਮਿਲ ਕੇ ਅੱਗ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਅਤੇ ਸਿੱਖ ਕੌਮ ਦਾ ਮਾਣ ਵਧਾਇਆ। ਇਸ ਦੌਰਾਨ ਇਹਨਾਂ ਸਿੱਖਾਂ ਦੀ ਪੂਰੀ ਦੁਨੀਆ ਵਿਚ ਸ਼ਲਾਘਾ ਹੋਈ ਸੀ।