
ਪੇਕੇ ਘਰ ਆਈ ਲੜਕੀ ਦੇ ਕਤਲ ਸਬੰਧੀ ਆਸਟਰੇਲੀਆ ਹਾਈ ਕਮਿਸ਼ਨ ਦੀ ਟੀਮ ਨੇ ਫਿਰੋਜ਼ਪੁਰ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਗੁਪਤ ਮੀਟਿੰਗ
ਫਿਰੋਜ਼ਪੁਰ: ਆਸਟਰੇਲੀਆ ਵਿਚ ਵਿਆਹ ਹੋਣ ਤੋਂ ਬਾਅਦ ਅਪਣੇ ਪੇਕੇ ਘਰ ਆਈ ਲੜਕੀ ਦੇ ਕਤਲ ਸਬੰਧੀ ਆਸਟਰੇਲੀਆ ਹਾਈ ਕਮਿਸ਼ਨ ਦੀ ਟੀਮ ਨੇ ਫਿਰੋਜ਼ਪੁਰ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨਾਲ ਗੁਪਤ ਮੀਟਿੰਗ ਕੀਤੀ। ਫਿਰੋਜ਼ਪੁਰ ਪੁਲਿਸ ਨੇ ਕਤਲ ਦੇ ਕੁਝ ਘੰਟਿਆਂ ਵਿਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਇਸ ਦੇ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਸਟਰੇਲੀਆ ਸਰਕਾਰ ਨਾਲ ਲਿਖਤੀ ਕਾਰਵਾਈ ਵੀ ਕੀਤੀ ਜਾ ਰਹੀ ਸੀ।
ਫਿਰੋਜ਼ਪੁਰ ਪਹੁੰਚੀ ਆਸਟਰੇਲੀਆ ਹਾਈ ਕਮਿਸ਼ਨ ਦੀ ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮਾਮਲੇ ਨੂੰ ਸੁਲਝਾਉਣ ਲਈ ਵਿਉਂਤ ਬਣਾਈ ਤੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਤੋਂ ਭਾਰਤ ਵਿਚ ਪੇਕੇ ਘਰ ਪਹੁੰਚੀ ਲੜਕੀ ਅਚਾਨਕ ਗਾਇਬ ਹੋ ਗਈ ਸੀ। 14 ਮਾਰਚ ਨੂੰ ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਤੋਂ ਗਾਇਬ ਹੋਈ ਲੜਕੀ ਦੀ 26 ਮਾਰਚ ਨੂੰ ਲਾਸ਼ ਮਿਲੀ ਸੀ। ਇਸ ਉਪਰੰਤ ਪੁਲਿਸ ਨੇ ਮੋਬਾਇਲ ਆਦਿ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਕਤਲ 'ਚ ਸ਼ਾਮਲ ਭਾਰਤੀ ਲੜਕੀ ਨੂੰ ਕਾਬੂ ਕਰ ਲਿਆ ਸੀ।
ਜਦਕਿ ਵਿਦੇਸ਼ ਰਹਿੰਦੀ ਲੜਕੀ ਤੇ ਮ੍ਰਿਤਕ ਦੇ ਪਤੀ ਸਮੇਤ ਤਿੰਨਾਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਸੀ। ਦੂਜੇ ਦੋਵੇਂ ਮੁਲਜ਼ਮ ਆਸਟਰੇਲੀਆ ਦੇ ਹੋਣ ਕਰਕੇ ਉਨ੍ਹਾਂ 'ਤੇ ਕਾਰਵਾਈ ਨਾ ਹੋ ਸਕੀ। ਇਸ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਕਾਰਵਾਈ ਲਈ ਅੱਜ ਆਸਟਰੇਲੀਆ ਹਾਈ ਕਮਿਸ਼ਨ ਤੋਂ ਟੀਮ ਫਿਰੋਜ਼ਪੁਰ ਪਹੁੰਚੀ। ਅੱਜ ਮਾਮਲੇ ਨੂੰ ਸੁਲਝਾਉਣ ਤੇ ਮੁਲਜ਼ਮਾਂ ਵਿਰੁਧ ਕਾਰਵਾਈ ਕਰਨ ਲਈ ਵਿਉਂਤ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਬਾਕੀ ਮੁਲਜ਼ਮਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ।