
ਪੁਲਿਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਪਿਰੋਜ਼ਪੁਰ ਵਿਖੇ ਇਕ ਸਿਹਤ ਵਿਭਾਗ ਦੇ
ਬੇਲਾ, 2 ਮਈ (ਪਰਵਿੰਦਰ ਸਿੰਘ ਸੰਧੂ): ਪੁਲਿਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਪਿਰੋਜ਼ਪੁਰ ਵਿਖੇ ਇਕ ਸਿਹਤ ਵਿਭਾਗ ਦੇ ਕਰਮਚਾਰੀ ਪਰਮਜੀਤ ਸਿੰਘ ਵਲੋਂ ਅਪਣੇ ਵੱਡੇ ਭਰਾ ਹਰਪਾਲ ਸਿੰਘ ਪਾਲੀ ਦੇ ਘਰ ਦਾਖ਼ਲ ਹੋ ਕੇ ਉਸ ਦੇ ਪਰਵਾਰ ਅਤੇ ਅਪਣੇ ਹੀ ਬਜ਼ੁਰਗ ਪਿਤਾ ਕਰਮ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਲੋਹੇ ਦੀ ਰਾਡ ਨਾਲ ਘਰ ਦੇ ਦਰਵਾਜੇ, ਤਾਕੀਆਂ ਅਤੇ ਸ਼ੀਸ਼ੇ ਤੋੜ ਦਿਤੇ। ਇਸ ਕੀਤੇ ਗਏ ਹਮਲੇ ਵਿਚ ਹਰਪਾਲ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਘਰ ਅੰਦਰ ਵੜ ਕੇ ਆਪੋ-ਅਪਣੀ ਜਾਨ ਬਚਾਈ।
ਹਰਪਾਲ ਸਿੰਘ ਨੇ ਦਸਿਆ ਕਿ ਜਦੋਂ ਉਸ ਵਲੋਂ ਇਸ ਹਮਲੇ ਸਬੰਧੀ ਪੁਲੀਸ ਅਤੇ ਪਿੰਡ ਦੇ ਸਰਪੰਚ ਨੂੰ ਫ਼ੋਨ ਕਰ ਕੇ ਮੌਕੇ ’ਤੇ ਬੁਲਾਇਆ ਤਾਂ ਉਸ ਦਾ ਭਰਾ ਪਰਮਜੀਤ ਸਿੰਘ ਜੋ ਕਿ ਸਿਹਤ ਵਿਭਾਗ ਦੀ ਗੱਡੀ ਚਲਾਉਂਦਾ ਹੈ, ਨੇ ਪੁਲਿਸ ਦੀ ਹਾਜ਼ਰੀ ਵਿਚ ਸਰਪੰਚ ਨਾਲ ਹੱਥੋਪਾਈ ਕਰਦਿਆਂ ਪੁਲਿਸ ਮੁਲਾਜ਼ਮਾਂ ਨਾਲ ਵੀ ਮਾੜਾ ਵਿਵਹਾਰ ਕੀਤਾ ਅਤੇ ਉਹ ਅਪਣੀ ਨੈਨੋ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
File photo
ਉਨ੍ਹਾਂ ਦਸਿਆ ਕਿ ਉਸ ਦਾ ਛੋਟਾ ਭਰਾ ਪਰਮਜੀਤ ਸਿੰਘ ਜਿਸ ਨੂੰ ਕਿ ਕਈ ਸਾਲ ਪਹਿਲਾਂ ਉਸ ਦੇ ਪਿਤਾ ਨੇ ਬੇਦਖ਼ਲ ਕਰ ਦਿਤਾ ਸੀ, ਇਸ ਬੇਦਖ਼ਲੀ ਕਾਰਨ ਉਹ ਉਸ ਦੇ ਪਰਵਾਰ ਸਮੇਤ ਪਿੰਡ ਵਿਚ ਵੀ ਕਈ ਵਿਅਕਤੀਆਂ ਨਾਲ ਪਹਿਲਾਂ ਵੀ ਕਈ ਵਾਰ ਲੜਾਈ ਝਗੜਾ ਕਰ ਚੁੱਕਾ ਹੈ, ਜਿਸ ਉਤੇ ਉਸ ਵਿਰੁਧ ਅੱਧੀ ਦਰਜਨ ਕੇਸ ਦਰਜ ਹਨ।
ਉਨ੍ਹਾਂ ਦਸਿਆ ਕਿ ਅੱਜ ਸਵੇਰ ਸਮੇਂ ਉਕਤ ਮੁਲਜ਼ਮ ਨੇ ਉਨ੍ਹਾਂ ਦੇ ਘਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿਤਾ, ਜਿਸ ਕਾਰਨ ਦਰਵਾਜੇ ਅਤੇ ਤਾਕੀਆਂ ਦੇ ਸ਼ੀਸ਼ੇ ਭੰਨ ਦਿਤੇ ਅਤੇ ਬਾਅਦ ਵਿਚ ਰਿਵਾਲਵਰ ਵਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ, ਜਿਸ ਉਤੇ ਉਨ੍ਹਾਂ ਪਿੰਡ ਦੇ ਸਰਪੰਚ ਤੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਉਸ ਨੇ ਪੁਲਿਸ ਦੀ ਹਾਜ਼ਰੀ ਵਿਚ ਸਰਪੰਚ ਸੱਜਣ ਸਿੰਘ ਨਾਲ ਹੱਥੋਪਾਈ ਕੀਤੀ।
ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਸੋਹਣ ਸਿੰਘ ਨੇ ਦਸਿਆ ਕਿ ਪੀੜਤ ਹਰਪਾਲ ਸਿੰਘ ਦੇ ਬਿਆਨਾਂ ਤਹਿਤ ਮੁਲਜ਼ਮ ਪਰਮਜੀਤ ਸਿੰਘ ਪੰਮੀ ਵਿਰੁਧ ਧਾਰਾ 188, 269, 452, 427, 506, 294 ਅਤੇ ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਪਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।