
ਪਾਰਟੀ ਦੇ ਵਰਕਰ ਅਪਣੇ-ਅਪਣੇ ਇਲਾਕੇ ਵਿਚ ਲੋਕਾਂ ਦੀ ਕਰਨ ਮਦਦ : ਸੁਨੀਲ ਜਾਖੜ
ਚੰਡੀਗੜ੍ਹ (ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿਚ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਪਾਰਟੀ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਵਿਚ ਪਾਰਟੀ ਦੇ ਆਗੂ ਅਤੇ ਵਰਕਰ ਲੋਕਾਂ ਦੀ ਮਦਦ ਕਰਨਗੇ। ਇਸ ਸਬੰਧੀ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਕੰਟਰੋਲ ਰੂਮ ਦੀ ਸ਼ੁਰੂਆਤ ਸੋਮਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਕਰਨਗੇ। ਸੂਬੇ ਭਰ ਦੇ ਆਗੂਆਂ ਨਾਲ ਜੂਮ ਐਪ ਰਾਹੀਂ ਕੀਤੀ ਮੀਟਿੰਗ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀ ਮੁਸ਼ਕਲ ਦੌਰ ਵਿਚ ਲੰਘ ਰਹੇ ਹਾਂ ਅਤੇ ਅਜਿਹੇ ਵਿਚ ਆਪਸੀ ਮਦਦ ਦੀ ਬਹੁਤ ਜ਼ਰੂਰਤ ਹੈ।
Sunil Jakhar
ਉਨ੍ਹਾਂ ਕਿਹਾ ਅਜਿਹੇ ਵਿਚ ਸੂਬਾ ਸਰਕਾਰ ਵਲੋਂ ਹਰ ਸੰਭਵ ਮੈਡੀਕਲ ਸਹੂਲਤ ਉਪਲਬੱਧ ਕਰਵਾਈ ਜਾ ਰਹੀ ਹੈ ਅਤੇ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਕਿੱਟ ਵੀ ਦਿਤੀ ਜਾ ਰਹੀ ਹੈ ਪਰ ਅਜਿਹੇ ਹਲਾਤ ਵਿਚ ਪਾਰਟੀ ਵਲੋਂ ਵੀ ਅਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਫ਼ੈਸਲਾ ਕੀਤਾ ਹੈ। ਇਸ ਲਈ ਪਾਰਟੀ ਦੇ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ ਅਪਣੇ ਇਲਾਕੇ ਵਿਚ ਕੋਰੋਨਾ ਨਾਲ ਜੰਗ ਲੜ ਰਹੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ। ਕਈ ਅਜਿਹੇ ਪਰਵਾਰ ਹਨ ਜਿੰਨ੍ਹਾਂ ਵਿਚ ਸਾਰੇ ਜੀਅ ਹੀ ਪਾਜ਼ੇਟਿਵ ਆ ਗਏ ਹਨ, ਉਥੇ ਖਾਣਾ ਪਹੁੰਚਾਇਆ ਜਾ ਸਕਦਾ ਹੈ ਜਦ ਕਿ ਜਿੰਨ੍ਹਾਂ ਨੂੰ ਆਕਸੀਜਨ, ਐਂਬੂਲੇਂਸ ਜਾਂ ਹੋਰ ਡਾਕਟਰੀ ਮਦਦ ਦੀ ਲੋੜ ਹੈ, ਉਨ੍ਹਾਂ ਨੂੰ ਇਹ ਮਦਦ ਦੇਣ ਵਿਚ ਪਾਰਟੀ ਵਰਕਰ ਸਹਿਯੋਗ ਕਰਨ।
Corona case
ਜਾਖੜ ਨੇ ਦੱਸਿਆ ਕਿ ਇਸ ਕੰਮ ਲਈ ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਰਪ੍ਰੀਤ ਸਿੰਘ ਲਾਲੀ ਨੂੰ ਸਟੇਟ ਕੋਆਰਡੀਨੇਟਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਰਮਬੀਰ ਸਿੰਘ ਸਿੱਧੂ ਨੂੰ ਸਟੇਟ ਕੋ-ਕੋਆਰਡੀਨੇਟਰ ਲਗਾਇਆ ਗਿਆ ਹੈ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੰਡੀਗੜ੍ਹ ਦਫ਼ਤਰ ਵਿਚ ਬੈਠਣਗੇ ਅਤੇ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣਗੇ ਜਿਥੇ ਪੰਜਾਬ ਦਾ ਕੋਈ ਵੀ ਵਸਨੀਕ ਕਾਲ ਕਰ ਕੇ ਮਦਦ ਮੰਗ ਸਕੇਗਾ ਅਤੇ ਫਿਰ ਪਾਰਟੀ ਦੇ ਵਰਕਰ ਉਸ ਨੂੰ ਮਦਦ ਮੁਹਈਆ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ।
Corona case
ਜਾਖੜ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਇਹ ਸਾਰਾ ਕੰਮ ਇਕ ਰਾਜਨੀਤਕ ਪਾਰਟੀ ਤੋਂ ਉਪਰ ਉਠ ਕੇ ਪੂਰੀ ਤਰ੍ਹਾਂ ਨਾਲ ਸਮਾਜ ਸੇਵਾ ਨੂੰ ਸਮਰਪਤ ਹੋ ਕੇ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਪਣੇ ਪੱਧਰ ਉਤੇ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਵੱਡੀ ਸਮਾਜਕ ਵਿਪਤਾ ਮੌਕੇ ਹੁਣ ਹਰ ਇਕ ਨੂੰ ਸਹਿਯੋਗ ਕਰਨਾ ਚਾਹੀਦਾ ਹੈ।