
ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਨੂੰ ਇਹ ਕੋਠੀ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ-ਚੇਅਰਪਰਸਨ ਵਜੋਂ ਮਿਲੀ ਸੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਆਗੂ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਅਨੁਸਾਰ ਰਾਜਿੰਦਰ ਕੌਰ ਭੱਠਲ ਨੂੰ 5 ਮਈ ਤੱਕ ਸੈਕਟਰ 2 ਚੰਡੀਗੜ੍ਹ ਵਿਖੇ ਸਥਿਤ ਕੋਠੀ ਨੰਬਰ 8 ਖਾਲੀ ਕਰਨੀ ਹੋਵੇਗੀ।
ਦੱਸ ਦੇਈਏ ਕਿ ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਨੂੰ ਇਹ ਕੋਠੀ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ-ਚੇਅਰਪਰਸਨ ਵਜੋਂ ਮਿਲੀ ਸੀ, ਜਿਸ ਨੂੰ ਹੁਣ ਪੰਜਾਬ ਸਰਕਾਰ ਨੇ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਲਿਖਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਫਿਕੇਸ਼ਨ ਰਾਹੀਂ ਪੰਜਾਬ ਰਾਜ ਯੋਜਨਾ ਬੋਰਡ ਨੂੰ ਤੁਰੰਤ ਪ੍ਰਭਾਵ ਤੋਂ ਭੰਗ ਕਰ ਦਿੱਤਾ ਗਿਆ ਹੈ।
ਇਸ ਲਈ ਕੈਬਨਿਟ ਮੰਤਰੀ ਦੇ ਰੁਤਬੇ ਤੋਂ ਹੱਟ ਜਾਣ ਉਪਰੰਤ ਮੁੱਖ ਮੰਤਰੀ ਪੂਲ ਦੀ ਉਕਤ ਕੋਠੀ ਨੂੰ 15 ਦਿਨਾਂ ਤੱਕ ਹੀ ਰਿਟੇਨ ਕੀਤਾ ਜਾ ਸਕਦਾ ਹੈ। ਇਸ ਲਈ ਉਕਤ ਸਰਕਾਰੀ ਮਕਾਨ ਨੂੰ ਨਿਰਧਾਰਤ ਸਮੇਂ 5 ਮਈ ਤੱਕ ਖਾਲੀ ਕਰਦੇ ਹੋਏ ਇਸ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਸੌਂਪਣ ਦੀ ਖੇਚਲ ਕੀਤੀ ਜਾਵੇ।