
ਜੇਲਾਂ ਦੀਆਂ ਥਾਵਾਂ 'ਚ ਪਟਰੌਲ ਪੰਪ ਲਾਉਣ ਲਈ ਜੇਲ ਵਿਭਾਗ ਵਲੋਂ ਇੰਡੀਅਨ ਆਇਲ ਕੰਪਨੀ ਨਾਲ ਸਮਝੌਤਾ ਸਹੀਬੰਦ
ਪਟਿਆਲਾ : ਪੰਜਾਬ ਦੀਆਂ ਜੇਲਾਂ ਦੇ ਸੁਧਾਰ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਇੰਡੀਅਨ ਆਇਲ ਕੰਪਨੀ ਨਾਲ ਕਰਾਰ ਕਰਕੇ ਸੂਬੇ ਦੀਆਂ ਕੈਦੀਆਂ ਵਲੋਂ ਚਲਾਏ ਜਾਣ ਵਾਲੇ ਪੈਟਰੋਲ ਪੰਪ ਲਾਉਣ ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ। ਇਹ ਸਮਝੌਤਾ ਅੱਜ ਪੰਜਾਬ ਜੇਲ ਸਿਖਲਾਈ ਸਕੂਲ ਪਟਿਆਲਾ ਵਿਖੇ ਸੂਬੇ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ 'ਚ ਸਹੀਬੰਦ ਕੀਤਾ ਗਿਆ, ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਸ੍ਰੀ ਰੋਹਿਤ ਚੌਧਰੀ ਵੀ ਮੌਜੂਦ ਸਨ।
Sukhjinder Singh Randhawa
ਇਸ ਮੌਕੇ ਰੰਧਾਵਾ ਨੇ ਦਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਪੰਜਾਬ ਜੇਲ ਸਿਖਲਾਈ ਸਕੂਲ ਪਟਿਆਲਾ ਦੀ ਇੰਡੀਅਨ ਆਇਲ ਨੂੰ ਲੀਜ਼ 'ਤੇ ਦਿਤੀ ਜਾਣ ਵਾਲੀ ਜਮੀਨ 'ਚ ਪੰਜਾਬ ਦਾ ਪਹਿਲਾ ਪਟਰੌਲ ਪੰਪ ਲਾਇਆ ਜਾਵੇਗਾ, ਜਿਸ ਨੂੰ ਜੇਲ ਦੇ ਚੰਗੇ ਆਚਰਣ ਵਾਲੇ ਬੰਦੀ ਹੀ ਚਲਾਉਣਗੇ। ਐਨਾ ਹੀ ਨਹੀਂ ਅਜਿਹੇ ਪੰਪਾਂ 'ਤੇ ਜੇਲ੍ਹਾਂ 'ਚ ਬਣੇ ਸਾਜੋ ਸਮਾਨ ਸਮੇਤ ਵੇਰਕਾ ਤੇ ਮਾਰਕਫ਼ੈਡ ਦੀਆਂ ਵਸਤਾਂ ਦੀ ਆਮ ਲੋਕਾਂ ਲਈ ਵਿਕਰੀ ਲਈ ਆਊਟਲੈਟ ਵੀ ਖੋਲ੍ਹੇ ਜਾਣਗੇ, ਜਿਨ੍ਹਾਂ ਤੋਂ ਹੋਣ ਵਾਲੀ ਆਮਦਨ ਜੇਲਾਂ ਦੇ ਬੰਦੀਆਂ ਦੀ ਭਲਾਈ ਲਈ ਵਰਤੀ ਜਾਵੇਗੀ। ਪਟਿਆਲਾ ਦੇ ਇਸ ਪੰਪ ਦੀ ਕਾਮਯਾਬੀ ਮਗਰੋਂ ਸੂਬੇ ਭਰ 'ਚ ਅਜਿਹੇ ਪੰਪ ਖੋਲ੍ਹੇ ਜਾਣਗੇ।
Jail
ਜੇਲ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਅਸਲ ਅਰਥਾਂ 'ਚ ਸੁਧਾਰ ਘਰ ਬਣਾਇਆ ਜਾਵੇਗਾ ਤਾਕਿ ਕਿਸੇ ਕਾਰਨ ਕਰ ਕੇ ਜੇਲਾਂ 'ਚ ਪੁੱਜਣ ਵਾਲਿਆਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਸੁਧਾਰ ਲਈ ਦਿਤੇ ਜਾਂਦੇ ਫ਼ੰਡਾਂ ਦੀ ਤਰ੍ਹਾਂ ਜੇਲਾਂ 'ਚ ਸੁਧਾਰ ਲਈ ਵੀ ਫ਼ੰਡ ਮੁਹਈਆ ਕਰਵਾਏ ਜਾਣ।
Jail
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਇੱਕ ਸਵਾਲ ਦੇ ਜੁਆਬ 'ਚ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਸਿਟ ਦੇ ਮੈਂਬਰਾਂ 'ਚ ਮੱਤਭੇਦਾਂ ਬਾਰੇ ਉਹ ਲੋਕ ਬੇਮਤਲਬ ਦਾ ਰੌਲਾ ਪਾ ਰਹੇ ਹਨ, ਜਿਨ੍ਹਾਂ ਦੇ ਨਾਮ ਬੇਅਦਬੀ ਕਾਂਡ ਲਈ ਜ਼ਿੰਮੇਵਾਰਾਂ ਵਜੋਂ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਟ ਦੇ ਮੈਂਬਰ ਜਾਂ ਕਿਸੇ ਵੀ ਹੋਰ ਅਧਿਕਾਰੀ ਨੂੰ ਰਾਜਨੀਤੀ ਨਾਲ ਜੋੜਨਾ ਵਾਜਬ ਨਹੀਂ ਕਿਉਂਕਿ ਸਿਟ ਵੱਲੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।
Sukhjinder Singh Randhawa
ਇਸ ਤੋਂ ਪਹਿਲਾਂ ਜੇਲ ਮੰਤਰੀ ਨੇ ਪੰਜਾਬ ਜੇਲ ਸਿਖਲਾਈ ਸਕੂਲ ਦੇ 246 ਵਾਰਡਨਾਂ ਅਤੇ ਮੈਟਰਨ ਰੰਗਰੂਟਾਂ ਦੀ ਸਿਖਲਾਈ ਪੂਰੀ ਹੋਣ 'ਤੇ ਉਨ੍ਹਾਂ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਵਲੋਂ ਅਪਣੀ 5 ਮਹੀਨਿਆਂ ਦੀ ਸਖ਼ਤ ਸਿਖਲਾਈ ਪੂਰੀ ਸਫ਼ਲਤਾ ਨਾਲ ਸਮਾਪਤ ਕਰਨ ਲਈ ਵਧਾਈ ਵੀ ਦਿਤੀ। ਜੇਲ ਮੰਤਰੀ ਨੇ ਜੇਲ ਸਿਖਲਾਈ ਸਕੂਲ ਲਈ ਆਪਣੇ ਅਖ਼ਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦੇਣ ਸਮੇਤ ਸਕੂਲ ਦੇ ਆਡੀਟੋਰੀਅਮ ਨੂੰ ਏ.ਸੀ. ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਭਵਿੱਖ 'ਚ ਜੇਲ੍ਹਾਂ ਦੇ ਵਾਰਡਨਾਂ ਅਤੇ ਮੈਟਰਨਾਂ ਦੀਆਂ ਟੁਕੜੀਆਂ ਵੀ ਸੁਤੰਤਰਤਾ ਅਤੇ ਗਣਤੰਤਰ ਦਿਵਸ ਦੀ ਪ੍ਰੇਡ ਦਾ ਹਿੱਸਾ ਬਨਣਗੀਆਂ। ਉਨ੍ਹਾਂ ਨੇ ਮਹਿਲਾ ਮੈਟਰਨਜ਼ ਦੀ ਖ਼ਾਸ ਤੌਰ 'ਤੇ ਸ਼ਲਾਘਾ ਕੀਤੀ।