
ਲੁਧਿਆਣਾ : ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ 5 ਲੱਖ ਲੀਟਰ ਦੁੱਧ ਦੀ...
ਲੁਧਿਆਣਾ : ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ 5 ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੀ ਨਵੀਂ ਸਵੈ-ਚਾਲਿਤ ਅਤਿ ਆਧੁਨਿਕ ਡੇਅਰੀ ਅਤੇ ਮੱਖਣ ਪਲਾਂਟ ਦਾ ਨੀਂਹ ਪੱਥਰ ਰਖਿਆ। ਕਰੀਬ 104 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪਲਾਂਟ ਦੇ ਚਾਲੂ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਉੱਚ ਗੁਣਵਤਾ ਵਾਲੇ ਦੁਧ ਪਦਾਰਥਾਂ ਪ੍ਰਾਪਤ ਹੋਣਗੇ। ਇਸ ਮੌਕੇ ਦੁਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਸਾਲ 2016-17 ਅਤੇ 2017-18 ਲਈ 3.5 ਕਰੋੜ ਰੁਪਏ ਬੋਨਸ ਅਤੇ ਮੁਨਾਫ਼ਾ ਰਾਸ਼ੀ ਵੀ ਵੰਡੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਇਸ ਪਲਾਂਟ ਵਿਚ ਅਤਿ ਆਧੁਨਿਕ ਮਸ਼ੀਨਰੀ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਉੱਚ ਗੁਣਵਤਾ ਵਾਲੇ ਦੁਧ ਪਦਾਰਥ ਤਿਆਰ ਕਰਨ ਦੇ ਨਾਲ-ਨਾਲ ਸਾਫ਼ ਸੁਥਰੇ ਵਾਤਾਵਰਣ ਵਿਚ ਪੈਕ ਕੀਤੇ ਜਾਇਆ ਕਰਨਗੇ। ਇਸ ਤੋਂ ਇਲਾਵਾ ਵੇਰਕਾ ਮੱਖਣ ਦੀ ਸਟੋਰੇਜ਼ ਲਈ ਵੀ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਪਲਾਂਟ ਚਾਲੂ ਹੋ ਜਾਵੇਗਾ ਤਾਂ ਇਸ ਨਾਲ ਜ਼ਿਲ੍ਹਾ ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਮੋਗਾ ਅਤੇ ਹੋਰ ਜ਼ਿਲ੍ਹਿਆਂ ਦੇ ਦੁਧ ਉਤਪਾਦਕਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸ. ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਪ੍ਰਧਾਨ (ਸ਼ਹਿਰੀ) ਅਸ਼ਵਨੀ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸ. ਮੇਜਰ ਸਿੰਘ ਭੈਣੀ, ਕੌਂਸਲਰ ਹਰਕਰਨ ਸਿੰਘ ਵੈਦ, ਸ. ਯਾਦਵਿੰਦਰ ਸਿੰਘ ਆਲੀਵਾਲ, ਸ੍ਰ. ਗੁਰਦੇਵ ਸਿੰਘ ਲਾਪਰਾਂ ਆਦਿਹਾਜ਼ਰ ਸਨ।