
ਕਿਹਾ, ਇਸ ਵਿਰੁਧ ਸੱਭ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ
ਚੰਡੀਗੜ੍ਹ,: ਖ਼ਾਲਸਾ ਏਡ ਦੇ ਦਫ਼ਤਰ ਅਤੇ ਸੰਸਥਾ ਦੇ ਡਾਇਰੈਕਟਰ ਦੇ ਘਰ ਉਪਰ ਕੇਂਦਰ ਏਜੰਸੀ ਐਨ.ਆਈ.ਏ. ਵਲੋਂ ਬੀਤੇ ਦਿਨੀਂ ਮਾਰੇ ਛਾਪੇ ਬਾਰੇ ਇਸ ਦੇ ਮੁਖੀ ਰਵੀ ਸਿੰਘ ਖ਼ਾਲਸਾ ਨੇ ਸਖ਼ਤ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਿਆਨ ਦਿੰਦਿਆਂ ਕਿਹਾ ਇਹ ਬੜੀ ਹੀ ਦੁਖਦਾਈ ਗੱਲ ਹੈ ਕਿ ਕੇਂਦਰੀ ਏਜੰਸੀ ਨੇ ਮਨੁੱਖਤਾ ਦੀ ਸੰਕਟ ਸਮੇਂ ਦੇਸ਼ ਵਿਦੇਸ਼ ਵਿਚ ਬਿਨਾਂ ਕਿਸੇ ਧਰਮ, ਜਾਤ, ਰੰਗ ਦੇ ਸੇਵਾ ਕਰਨ ਵਾਲੀ ਸੰਸਥਾ ਖ਼ਾਲਸਾ ਏਡ ਦੇ ਮੈਂਬਰਾਂ ਨਾਲ ਵੀ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਿਵੇਂ ਕਿਸੇ ਖ਼ਤਰਨਾਕ ਖ਼ੂਨੀ ਲੋਕਾਂ ਜਾਂ ਕਤਲ ਕਰਨ ਵਾਲਿਆਂ ਨਾਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ
ਉਨ੍ਹਾਂ ਕਿਹਾ ਕਿ ਸਵੇਰੇ 5 ਵਜੇ ਸੰਸਥਾ ਦੇ ਡਾਇਰੈਕਟਰ ਦੇ ਘਰ ਐਨ.ਆਈ.ਏ. ਵਾਲੇ ਵੱਡੀ ਗਿਣਤੀ ਵਿਚ ਪਹੁੰਚ ਗਏ ਅਤੇ ਮੁਜ਼ਰਮਾਂ ਵਾਂਗ ਵਿਵਹਾਰ ਕੀਤਾ। ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਘਰ ਦੇ ਇਕੱਲੇ ਇਕੱਲੇ ਮੈਂਬਰ ਨੂੰ ਵੱਖ ਵੱਖ ਕਰ ਕੇ ਪੁਛਗਿਛ ਕੀਤੀ ਗਈ ਅਤੇ ਇਕੱਲੇ ਇਕੱਲੇ ਕਮਰੇ ਦੀ ਬੁਰੀ ਤਰ੍ਹਾਂ ਫਰੋਲਾ ਫਰਾਲੀ ਕਰ ਕੇ ਬਹੁਤ ਤੰਗ ਕੀਤਾ ਗਿਆ। ਰਵੀ ਸਿੰਘ ਨੇ ਕਿਹਾ ਕਿ ਇਹ ਵੀ ਕਾਰਵਾਈ ਉਸ ਸਮੇਂ ਹੋਈ ਜਦੋਂ ਸੰਸਥਾ ਹੜ੍ਹ ਪੀੜਤਾਂ ਦੀ ਸੇਵਾ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ
ਉਨ੍ਹਾਂ ਕਿਹਾ ਕਿ ਜੇ ਕੋਈ ਪੁਛਗਿਛ ਹੀ ਕਰਨੀ ਸੀ ਤਾਂ ਸਾਨੂੰ ਜਦੋਂ ਮਰਜ਼ੀ ਬੁਲਾ ਲੈਂਦੇ ਜਾਂ ਕਾਗ਼ਜ਼ਾਂ ਦੀ ਪੜਤਾਲ ਕਰ ਲੈਂਦੇ ਪਰ ਸਵੇਰੇ ਸਵੇਰੇ ਪੰਜ ਵਜੇ ਘਰ ਆ ਕੇ ਸੁੱਤੇ ਪਏ ਪ੍ਰਵਾਰ ਦੇ ਮੈਂਬਰਾਂ ਨੂੰ ਉਠਾ ਕੇ ਪ੍ਰੇਸ਼ਾਨ ਕਰਨ ਦੀ ਕੀ ਲੋੜ ਸੀ? ਰਵੀ ਸਿੰਘ ਨੇ ਕਿਹਾ ਕਿ ਖ਼ਾਲਸਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ ਅਤੇ ਸੇਵਾ ਦਾ ਕੰਮ ਰੁਕਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਕਈ ਹੋਰ ਲੋਕਾਂ ਨਾਲ ਵੀ ਇਸ ਤਰ੍ਹਾਂ ਦਾ ਵਿਵਹਾਰ ਹੋਇਆ ਅਤੇ ਇਸ ਵਿਰੁਧ ਸੱਭ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ।