ਸੋਸ਼ਲ ਮੀਡੀਆਂ ’ਤੇ ਸਾਹਮਣੇ ਆ ਰਹੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ
ਚੰਡੀਗੜ੍ਹ (ਕਮਲਜੀਤ ਕੌਰ) : ਦੁਨੀਆਂ ਦਾ ਸੱਭ ਤੋਂ ਵੱਡਾ ਧਰਮ ਹੈ ਲੋੜਵੰਦਾਂ ਦੀ ਮਦਦ ਕਰਨਾ, ਇਸ ਦੇ ਲਈ ਅਮੀਰ ਜਾਂ ਗਰੀਬ ਹੋਣਾ ਮਾਇਨੇ ਨਹੀਂ ਰੱਖਦਾ। ਇਨਸਾਨੀਅਤ ਸਾਨੂੰ ਲੋੜਵੰਦਾਂ ਦੀ ਮਦਦ ਕਰਨਾ ਸਿਖਾਉਂਦੀ ਹੈ। ਦੁਨੀਆਂ ਭਰ ਵਿਚ ਕਈ ਅਜਿਹੀਆਂ ਸਿੱਖ ਸੰਸਥਾਵਾਂ ਹਨ ਜੋ ਬਿਨਾਂ ਕਿਸੇ ਲਾਭ ਤੋਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਦੋਂ ਵੀ ਕੋਈ ਆਫ਼ਤ ਆਉਂਦੀ ਹੈ ਤਾਂ ਸੱਭ ਦੇ ਦਿਮਾਗ਼ ਵਿਚ ਪਹਿਲਾ ਨਾਂਅ ‘ਖ਼ਾਲਸਾ ਏਡ’ ਅਤੇ ‘ਯੂਨਾਈਟਿਡ ਸਿੱਖਸ’ ਦਾ ਆਉਂਦਾ ਹੈ।
ਪੰਜਾਬ ਵਿਚ ਬੀਤੇ ਦਿਨੀਂ ਲਗਾਤਾਰ ਹੋਈ ਭਾਰੀ ਬਾਰਸ਼ ਦੇ ਚਲਦਿਆਂ ਆਏ ਹੜ੍ਹ ਕਾਰਨ ਬਹੁਤ ਲੋਕ ਘਰੋਂ ਬੇਘਰ ਹੋ ਗਏ ਹਨ। ਉਨ੍ਹਾਂ ਦਾ ਸਾਰਾ ਕੁੱਝ ਪਾਣੀ ਵਿਚ ਰੁੜ੍ਹ ਗਿਆ ਹੈ। ਜਿਥੇ ਸਰਕਾਰ ਵਲੋਂ ਰਾਹਤ ਕਾਰਜ ਜਾਰੀ ਹੈ, ਉਥੇ ਹੀ ਖ਼ਾਲਸਾ ਏਡ ਅਤੇ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਦੇ ਅਣਥੱਕ ਸੇਵਾਵਾਂ ਨਿਭਾਉਂਦਿਆਂ ਬੁਨਿਆਦੀ ਸਹੂਲਤਾਂ ਜੁਟਾਉਣ ਵਿਚ ਲੱਗੇ ਹੋਏ ਹਨ। ਸੋਸ਼ਲ ਮੀਡੀਆ ’ਤੇ ਕਈ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵਲੋਂ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਹਰਿਆਣਾ ਅਤੇ ਹੋਰ ਸੂਬਿਆਂ ਵਿਚ ਵੀ ਲੋੜਵੰਦਾਂ ਦੀ ਮਦਦ ਜਾਰੀ ਹੈ।
ਹੜ੍ਹ ਪੀੜਤਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਦੀਆਂ ਐਮਰਜੈਂਸੀ ਰਿਸਪਾਂਸ ਟੀਮਾਂ ਲਾਮਬੰਦ
ਕਿਹਾ, ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣਾ ਸਾਡਾ ਫ਼ਰਜ਼
ਕੌਮਾਂਤਰੀ ਪਧਰ ਦੀ ਗ਼ੈਰ-ਲਾਭਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾ ਯੂਨਾਈਟਿਡ ਸਿੱਖਸ ਨੇ ਮੋਹਾਲੀ, ਰੋਪੜ, ਸੰਗਰੂਰ, ਲੁਧਿਆਣਾ ਸਣੇ ਪੰਜਾਬ ਦੇ ਹੋਰ ਖੇਤਰਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਅਪਣੀਆਂ ਐਮਰਜੈਂਸੀ ਰਿਸਪਾਂਸ ਟੀਮਾਂ ਨੂੰ ਲਾਮਬੰਦ ਕੀਤਾ ਹੈ। ਹੜ੍ਹ ਪੀੜਤਾਂ ਨੂੰ ਲੰਗਰ, ਸੁੱਕਾ ਰਾਸ਼ਨ, ਪਾਣੀ, ਦਵਾਈਆਂ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਈ-ਕਈ ਫੁੱਟ ਤਕ ਖੜ੍ਹੇ ਪਾਣੀ ਵਿਚ ਡੁੱਬਦੇ ਪਸ਼ੂ, ਤੈਰਦੇ ਵਾਹਨ ਅਤੇ ਫਸੇ ਹੋਏ ਪ੍ਰਵਾਰਾਂ ਦੀਆਂ ਤਸਵੀਰਾਂ ਔਖੀ ਘੜੀ ਨੂੰ ਬਿਆਨ ਕਰ ਰਹੀਆਂ ਹਨ। ਸੰਸਥਾ ਦੇ ਸੇਵਾਦਾਰ ਪੀੜਤਾਂ ਨੂੰ ਪਾਣੀ ਵਿਚੋਂ ਕੱਢਣ, ਰਿਹਾਇਸ਼ ਅਤੇ ਲੰਗਰ-ਪਾਣੀ ਦਾ ਪ੍ਰਬੰਧ ਕਰਨ ਵਿਚ ਜੁਟ ਗਏ ਹਨ। ਡਾਕਟਰੀ ਸਹੂਲਤਾਂ ਲਈ ਐਂਬੂਲੈਂਸ ਸੇਵਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਯੂਨਾਈਟਿਡ ਸਿੱਖਸ ਦੇ ਕੌਮਾਂਤਰੀ ਮਨੁੱਖਤਾਵਾਦੀ ਰਾਹਤ ਕਾਰਜਾਂ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਕਿਹਾ, “ਸਾਡੀਆਂ ਟੀਮਾਂ ਸੂਬੇ ਵਿਚ ਸੈਟੇਲਾਈਟ ਸੈਂਟਰਾਂ ਦੀ ਸਥਾਪਨਾ ਲਈ ਢੁਕਵੇਂ ਸਥਾਨਾਂ ਦੀ ਪਛਾਣ ਕਰਨ ਲਈ ਪ੍ਰਭਾਵਿਤ ਖੇਤਰਾਂ ਦੀ ਸਮੀਖਿਆ ਕਰ ਰਹੀਆਂ ਹਨ। ਇਹ ਕੇਂਦਰ ਹੜ੍ਹ ਪ੍ਰਭਾਵਿਤ ਵਿਅਕਤੀਆਂ ਅਤੇ ਪ੍ਰਵਾਰਾਂ ਨੂੰ ਜ਼ਰੂਰੀ ਰਾਹਤ ਸਮੱਗਰੀ, ਡਾਕਟਰੀ ਸਹਾਇਤਾ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੰਚਾਲਨ ਕੇਂਦਰ ਵਜੋਂ ਕੰਮ ਕਰਨਗੇ।"
ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ, "ਜ਼ਰੂਰੀ ਸਾਮਾਨ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ, ਅਸੀਂ ਜ਼ਰੂਰੀ ਚੀਜ਼ਾਂ ਅਤੇ ਸਾਧਨਾਂ ਨਾਲ ਲੈਸ ਵੈਨਾਂ ਅਤੇ ਐਂਬੂਲੈਂਸਾਂ ਨੂੰ ਵੀ ਲਾਮਬੰਦ ਕਰ ਰਹੇ ਹਾਂ।" ਯੂਨਾਈਟਿਡ ਸਿੱਖਸ ਵਲੋਂ ਲੋਕਾਂ ਨੂੰ ਇਨ੍ਹਾਂ ਰਾਹਤ ਕਾਰਜਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ ਹੈ, ਜਿਸ ਲਈ ਉਹ 9814091339 'ਤੇ ਸੰਪਰਕ ਕਰ ਸਕਦੇ ਹਨ ਜਾਂ https://unitedsikhs.org/panjab-flood-relief/ 'ਤੇ ਵੀ ਜਾ ਸਕਦੇ ਹਨ। ਯੂਨਾਈਟਿਡ ਸਿੱਖਸ ਦਾ ਕਹਿਣਾ ਹੈ ਕਿ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।
ਲੋੜਵੰਦਾਂ ਤਕ ਸੁੱਕਾ ਰਾਸ਼ਨ, ਪਾਣੀ, ਦੁੱਧ, ਦਵਾਈਆਂ ਅਤੇ ਤਰਪਾਲਾਂ ਪਹੁੰਚਾ ਰਹੇ ਖ਼ਾਲਸਾ ਏਡ ਦੇ ਵਲੰਟੀਅਰ
ਲਗਾਤਾਰ ਹੋਈ ਬਾਰਸ਼ ਦੇ ਚਲਦਿਆਂ ‘ਖ਼ਾਲਸਾ ਏਡ ਇੰਡੀਆ’ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਐਮਰਜੈਂਸੀ ਰਾਹਤ ਕਾਰਜ ਸ਼ੁਰੂ ਕੀਤੇ ਗਏ। ਤੇਜ਼ ਮੀਂਹ ਨੇ ਰੋਪੜ, ਮੋਰਿੰਡਾ, ਚਮਕੌਰ ਸਾਹਿਬ, ਰਾਜਪੁਰਾ, ਪਟਿਆਲਾ, ਆਨੰਦਪੁਰ ਸਾਹਿਬ, ਸਰਹਿੰਦ, ਫ਼ਤਹਿਗੜ੍ਹ ਸਾਹਿਬ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਤਬਾਹੀ ਮਚਾਈ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਉਜ਼ ਵਿਚ ਦੇਖਣ ਨੂੰ ਮਿਲਿਆ ਕਿ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਵਲੰਟੀਅਰ ਕਿਸ਼ਤਿਆਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਖ਼ਾਲਸਾ ਏਡ ਦਾ ਕਹਿਣਾ ਹੈ ਕਿ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਸੰਸਥਾ ਦੀ ਤਰਜੀਹ ਹੈ। ਇਸ ਤੋਂ ਬਾਅਦ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਸੁਰੱਖਿਅਤ ਹਨ, ਉਨ੍ਹਾਂ ਤਕ ਲੰਗਰ (ਗਰਮ ਭੋਜਨ) ਅਤੇ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਜ਼ਰੂਰੀ ਵਸਤਾਂ ਦੀ ਪਹੁੰਚ ਹੋਵੇ। ਵਲੰਟੀਅਰ 24 ਘੰਟੇ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਡਟੇ ਹੋਏ ਹਨ। ਘਰਾਂ ਵਿਚ ਫਸੇ ਲੋਕਾਂ ਨੂੰ ਸੁੱਕਾ ਰਾਸ਼ਨ, ਪੀਣ ਲਈ ਪਾਣੀ, ਦੁੱਧ, ਦਵਾਈਆਂ ਅਤੇ ਅਸਥਾਈ ਬਸਤੀਆਂ ਵਿਚ ਤਰਪਾਲਾਂ ਆਦਿ ਪਹੁੰਚਾਈਆਂ ਜਾ ਰਹੀਆਂ ਹਨ।
ਰਾਹਤਾਂ ਕਾਰਜਾਂ ਵਿਚ ਜੁੜੀਆਂ ਟੀਮਾਂ ਨਾਲ ਮਿਲ ਕੇ ਆਮ ਲੋਕ ਵੀ ਅਪਣਾ ਫ਼ਰਜ਼ ਨਿਭਾਅ ਰਹੇ ਹਨ। ਸੁਰੱਖਿਅਤ ਥਾਵਾਂ ’ਤੇ ਪਹੁੰਚੇ ਲੋਕ ਵੀ ਖ਼ਾਲਸਾ ਏਡ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ। ਖ਼ਾਲਡਾ ਏਡ ਨੇ ਪੀੜਤਾਂ ਲਈ 91156-09019 ਅਤੇ 0175-5001300 ਨੰਬਰ ਜਾਰੀ ਕੀਤੇ ਹਨ। ਰਾਹਤ ਕਾਰਜਾਂ ਵਿਚ ਜੁਟੀ ਖ਼ਾਲਸਾ ਏਡ ਦੇ ਪਟਿਆਲਾ ਦਫ਼ਤਰ ਵਿਚ ਵੀ ਪਾਣੀ ਭਰ ਗਿਆ, ਇਸ ਦੇ ਬਾਵਜੂਦ ਸੇਵਾ ਜਾਰੀ ਹੈ।
ਹਰਿਆਣਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਵੀ ਸੇਵਾ ਜਾਰੀ
ਪੰਜਾਬ ਤੋਂ ਇਲਾਵਾ ਖ਼ਾਲਸਾ ਏਡ ਦੇ ਵਲੰਟੀਅਰ ਹਰਿਆਣਾ ਵਿਚ ਵੀ ਜ਼ਮੀਨੀ ਪੱਧਰ ’ਤੇ ਡਟੇ ਹੋਏ ਹਨ। ਸ਼ਾਹਬਾਦ, ਮਾਰਕੰਡਾ, ਅੰਬਾਲਾ ਅਤੇ ਕਰਨਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੇ ਨਾਲ-ਨਾਲ ਜ਼ਰੂਰਤ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖ਼ਾਲਸਾ ਏਡ ਦੀਆਂ ਟੀਮਾਂ ਵਿਚ ਸਥਾਨਕ ਲੋਕ ਵੀ ਰਾਹਤ ਕਾਰਜਾਂ ਦਾ ਹਿੱਸਾ ਬਣ ਰਹੇ ਹਨ।
ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ ਪ੍ਰਸ਼ਾਸਨ : ਰਵੀ ਸਿੰਘ
ਕਿਹਾ, ਕੇਂਦਰ ਸਰਕਾਰ ਨੇ ਪੰਜਾਬ ਨੂੰ ਮੁੜ ਪਿੱਠ ਦਿਖਾਈ
ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਵੀਡੀਉ ਸੰਦੇਸ਼ ਜਾਰੀ ਕਰਦਿਆਂ ਦਸਿਆ ਕਿ ਕੁਦਰਤੀ ਆਫ਼ਤ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਖ਼ਾਲਸਾ ਏਡ ਦੇ ਵਲੰਟੀਅਰ 24 ਘੰਟੇ ਸੇਵਾਵਾਂ ਨਿਭਾਅ ਰਹੇ ਹਨ। ਮੋਟਰ ਕਿਸ਼ਤੀਆਂ ਦੀ ਮਦਦ ਨਾਲ ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਖ਼ਾਲਸਾ ਏਡ ਇੰਡੀਆ ਦੇ ਸੇਵਾਦਾਰਾਂ ਅਤੇ ਡਾਇਰੈਕਟਰ ਅਮਰਪ੍ਰੀਤ ਸਿੰਘ ਦਾ ਧਨਵਾਦ ਕਰਦਿਆਂ ਖ਼ਾਲਸਾ ਏਡ ਮੁਖੀ ਨੇ ਕਿਹਾ ਕਿ ਪਿਛਲੀ ਵਾਰ ਆਏ ਹੜ੍ਹ ਦੌਰਾਨ ਵੀ ਇਨ੍ਹਾਂ ਨੇ ਡਟ ਕੇ ਪੰਜਾਬੀਆਂ ਦਾ ਸਾਥ ਦਿਤਾ ਸੀ। ਉਨ੍ਹਾਂ ਕਿਹਾ ਕਿ ਸਾਡਾ ਦਿਲ ਪੰਜਾਬ ਦੇ ਨਾਲ ਹੈ।
ਰਵੀ ਸਿੰਘ ਦਾ ਕਹਿਣਾ ਹੈ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਇਸ ਆਫ਼ਤ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ। ਉਸ ਨੂੰ ਅਪਣੀ ਇਸ ਗ਼ਲਤੀ ਤੋਂ ਸਿੱਖਣ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਸੂਬੇ ਦਾ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਕੋਲ ਤਜਰਬਾ ਨਹੀਂ ਹੈ ਤਾਂ ਉਨ੍ਹਾਂ ਨੂੰ ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਤਕ ਪਹੁੰਚ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਵਿਚ ਤਜਰਬੇਕਾਰਾਂ ਤੋਂ ਸਿੱਖਣਾ ਚਾਹੀਦਾ ਹੈ। ਬੇਸ਼ੱਕ ਖ਼ਾਲਸਾ ਏਡ ਕੋਲ ਜ਼ਿਆਦਾ ਟੀਮਾਂ ਨਹੀਂ ਹਨ, ਪਰ ਉਸ ਕੋਲ ਤਜਰਬਾ ਜ਼ਰੂਰ ਹੈ। ਕੇਂਦਰ ਨੇ ਮੁੜ ਪੰਜਾਬ ਨੂੰ ਪਿੱਠ ਦਿਖਾਈ ਹੈ।
ਰਵੀ ਸਿੰਘ ਨੇ ਕਿਹਾ ਕਿ ਕੇਂਦਰ ਵਲੋਂ ਪੰਜਾਬ ਨੂੰ ਬਿਲਕੁਲ ਸਮਰਥਨ ਨਹੀਂ ਦਿਤਾ ਗਿਆ। ਪੰਜਾਬ ਪਾਣੀ ਵਿਚ ਡੁੱਬ ਰਿਹਾ ਹੈ ਪਰ ਕੇਂਦਰ ਸਰਕਾਰ ਨੂੰ ਕੋਈ ਫਿਕਰ ਨਹੀਂ, ਪੰਜਾਬ ਬਾਰੇ ਕੋਈ ਨਹੀਂ ਸੋਚ ਰਿਹਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਿੱਤੀ ਸਹਾਇਤਾ ਦੇ ਨਾਲ-ਨਾਲ ਪਿੰਡਾਂ ਵਿਚ ਅਪਣੇ ਨੁਮਾਇੰਦੇ ਭੇਜੇ ਜਾਣੇ ਚਾਹੀਦੇ ਹਨ ਤਾਂ ਜੋ ਫ਼ੰਡਾਂ ਦੀ ਦੁਰਵਰਤੋਂ ਨਾ ਹੋਵੇ। ਖ਼ਾਲਸਾ ਏਡ ਵਲੋਂ ਵੀ ਪਿੰਡਾਂ ਵਿਚ ਭੇਜਣ ਲਈ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।