
ਪ੍ਰਾਈਵੇਟ ਮੁਲਾਜ਼ਮਾਂ ਵਲੋਂ ਮਰੀਜ਼ਾਂ ਨੂੰ ਦੂਜੇ ਸ਼ਹਿਰਾਂ ਤਕ ਲਿਜਾਣ ਲਈ ਵਸੂਲੇ ਜਾਂਦੇ ਕਿਰਾਏ 'ਚੋਂ ਕਰਦਾ ਸੀ ਹਿੱਸੇ ਦੀ ਮੰਗ
ਚੰਡੀਗੜ੍ਹ, 3 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਅੱਜ ਸਿਵਲ ਹਸਪਤਾਲ, ਗੁਰਦਾਸਪੁਰ ਦੀ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਜਸਪਾਲ ਸਿੰਘ ਉਰਫ਼ ਲੱਕੀ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੂੰ ਪ੍ਰਾਈਵੇਟ ਐਂਬੂਲੈਂਸ ਦੇ ਡਰਾਈਵਰ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਦਬੋਚਿਆ ਗਿਆ ਹੈ।
ਇਹ ਵੀ ਪੜ੍ਹੋ: ਰਾਜਸਥਾਨ : ਘਰੋਂ ਬੱਕਰੀਆਂ ਚਰਾਉਣ ਗਈ 14 ਸਾਲਾ ਮਾਸੂਮ ਨੂੰ ਕੋਲਾ ਭੱਠੀ ਵਿਚ ਸਾੜਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਰਾਜੇਸ਼ ਕੁਮਾਰ ਵਾਸੀ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਰਕਾਰੀ ਐਂਬੂਲੈਂਸ ਡਰਾਈਵਰ ਜਸਪਾਲ ਸਿੰਘ ਪ੍ਰਾਈਵੇਟ ਐਂਬੂਲੈਂਸ ਡਰਾਈਵਰਾਂ ਵਲੋਂ ਮਰੀਜ਼ਾਂ ਨੂੰ ਦੂਜੇ ਸ਼ਹਿਰਾਂ ਵਿਚ ਲਿਜਾਣ ਲਈ ਵਸੂਲੇ ਜਾਂਦੇ ਕਿਰਾਏ ਵਿਚੋਂ ਹਿੱਸੇ ਦੀ ਮੰਗ ਕਰਦਾ ਸੀ।
ਇਹ ਵੀ ਪੜ੍ਹੋ: ਨੂਹ ਹਿੰਸਾ ਮਾਮਲੇ ਸਬੰਧੀ ਅਪਡੇਟ : ਹੁਣ ਤਕ ਦਰਜ ਕੀਤੀਆਂ ਗਈਆਂ 45 FIRs ਅਤੇ139 ਦੋਸ਼ੀ ਗ੍ਰਿਫ਼ਤਾਰ
ਉਨ੍ਹਾਂ ਦਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੇ ਗੁਰਦਾਸਪੁਰ ਯੂਨਿਟ ਨੇ ਟਰੈਪ ਲਗਾ ਕੇ ਮੁਲਜ਼ਮ ਡਰਾਈਵਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਕੋਲੋਂ 4000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
ਬੁਲਾਰੇ ਨੇ ਦਸਿਆ ਕਿ ਇਸ ਸਬੰਧੀ ਡਰਾਈਵਰ ਜਸਪਾਲ ਸਿੰਘ ਦੇ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰ. 25 ਮਿਤੀ 03-08-2023 ਦਰਜ ਕੀਤੀ ਗਈ ਹੈ।