
30 ਅਧਿਆਪਕਾਂ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ
ਐਸ.ਏ.ਐਸ. ਨਗਰ : ਸਿੱਖਿਆ ਵਿਭਾਗ ਪੰਜਾਬ ਵਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਸੇਵਾ ਮੁਕਤ ਅਧਿਆਪਕਾਂ ਨੂੰ ਉਹਨਾਂ ਦੀ ਅਧਿਆਪਨ ਵਿਚ ਵਧੀਆ ਕਾਰਗੁਜਾਰੀ ਅਤੇ ਸਕੂਲਾਂ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨ ਪੱਤਰਾਂ ਨਾਲ਼ ਨਿਵਾਜ਼ਿਆ ਗਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸ ਸਨਮਾਨ ਸਮਾਰੋਹ ਵਿਚ 30 ਅਧਿਆਪਕਾਂ ਨੂੰ ਉਹਨਾਂ ਦੀਆਂ ਸਕੂਲਾਂ ਵਿੱਚ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ’ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕੀਤੇ ਵਧੀਆ ਕਾਰਜਾਂ ਲਈ ਵਿਭਾਗ ਨੂੰ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਅਧਿਆਪਕਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ਼-ਨਾਲ਼ ਉਹਨਾਂ ਦੇ ਸਰਵ-ਪੱਖੀ ਵਿਕਾਸ ਲਈ ਵਧ ਚੜ੍ਹ ਕੇ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਆ।
ਇਸ ਸਨਮਾਨ ਸਮਾਰੋਹ ਵਿਚ ਇੰਦਰਜੀਤ ਸਿੰਘ ਡਾਇਰੈਕਟਰ ਐਸ.ਸੀ.ਈ.ਆਰ.ਟੀ, ਜਰਨੈਲ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਸੁਰੇਖਾ ਠਾਕੁਰ ਏ.ਐਸ.ਪੀ.ਡੀ, ਸੰਜੀਵ ਭੂਸ਼ਨ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।