
‘ਆਈ ਰਖਵਾਲੀ ਐਪ’ ਰਾਹੀਂ ਹੋਵੇਗੀ ਸ਼ਮੂਲੀਅਤ
ਚੰਡੀਗੜ, 3 ਸਤੰਬਰ: ਪੰਜਾਬ ਸਰਕਾਰ ਨੇ ਹੁਣ ਸੂਬੇ ਵਿੱਚ ਹਰਿਆਲੀ ਬਚਾਉਣ ਲਈ ਆਮ ਲੋਕਾਂ ਨੂੰ ‘ਹਰਿਆਲੀ ਦੇ ਰਾਖੇ’ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਸੂਬੇ ਨੂੰ ਹਰਿਆ-ਭਰਿਆ ਬਣਾਈ ਰੱਖਣ ਵਿੱਚ ਮਦਦ ਮਿਲੇ। ਇਸ ਫੈਸਲੇ ਤਹਿਤ ਜੰਗਲਾਤ ਵਿਭਾਗ ਨੇ ਇੱਕ ਨਵੀਂ ਮੋਬਾਇਲ ਐਪਲੀਕੇਸ਼ਨ ‘ਆਈ ਰਖਵਾਲੀ’ ਤਿਆਰ ਕੀਤੀ ਹੈ, ਜਿਸ ਨੂੰ ਡਾਊਨਲੋਡ ਕਰ ਕੇ ਜਾਗਰੂਕ ਲੋਕ ਵਾਤਾਵਰਨ ਨੂੰ ਬਚਾਉਣ ਦੀ ਇਸ ਮਨੁੱਖਤਾ ਦੀ ਭਲਾਈ ਵਾਲੀ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ।
Greenery Saviours
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਨੇ ਰਾਜ ਨੂੰ ਹਰਿਆ-ਭਰਿਆ ਬਣਾਉਣ ਲਈ ‘ਆਈ ਹਰਿਆਲੀ’ ਮੋਬਾਈਲ ਐਪ ਬਣਾਈ ਗਈ ਸੀ, ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਸੀ। ਉਸ ਸਮੇਂ ਸੂਬੇ ਦੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਕਿੱਥੇ-ਕਿੱਥੇ ਹਨ ਅਤੇ ਨਰਸਰੀਆਂ ਤੋਂ ਬੂਟੇ ਕਿਸ ਤਰਾਂ ਪ੍ਰਾਪਤ ਕੀਤੇ ਜਾ ਸਕਦੇ ਹਨ।
iHaryali App
‘ਆਈ ਹਰਿਆਲੀ ਐਪ’ ਦੇ ਆਉਣ ਨਾਲ ਲੋਕਾਂ ਨੂੰ ਨਰਸਰੀਆਂ ਦੀ ਭੂਗੋਲਿਕ ਸਥਿਤੀ ਬਾਰੇ ਪਤਾ ਚੱਲਿਆ ਅਤੇ ਹਰੇਕ ਵਿਅਕਤੀ ਨੂੰ ਮੁਫ਼ਤ ਬੂਟੇ ਮਿਲੇ। ਸ. ਧਰਮਸੋਤ ਨੇ ਦੱਸਿਆ ਕਿ, ‘‘ਇਸੇ ਤਰਜ਼ ‘ਤੇ ਹੀ ਹੁਣ ਵਿਭਾਗ ਨਵਾਂ ਉਪਰਾਲਾ ‘ਆਈ ਰਖਵਾਲੀ ਐਪ’ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ ਅਤੇ ਉਨਾਂ ਦਾ ਸਹਿਯੋਗ ਲਵਾਂਗੇ।’’
environment
ਉਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਸੰਸਾਰ ’ਚ ਜੰਗਲ ਘਟ ਰਹੇ ਹਨ, ਜੰਗਲ ਕੱਟੇ ਜਾ ਰਹੇ ਹਨ, ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਕਾਰਨ ਵੀ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਬਹੁਤ ਲੋਕ ਜਾਗਰੂਕ ਤੌਰ ’ਤੇ ਇਹ ਸੋਚਦੇ ਹਨ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਕੁੱਝ ਕਰਨ ਪਰ ਉਨਾਂ ਨੂੰ ਪਤਾ ਨਹੀਂ ਚਲਦਾ ਕਿ ਉਹ ਕੀ ਕਰ ਸਕਦੇ ਹਨ। ਇਸੇ ਮੁਸ਼ਕਲ ਨੂੰ ਦੂਰ ਕਰਨ ਲਈ ਇਹ ਐਪ ਸ਼ੁਰੂ ਕੀਤੀ ਗਈ ਹੈ, ਜੋ ਹਰਿਆਲੀ ਬਚਾਉਣ ਲਈ ਕੰਮ ਕਰਨ ਵਾਲਿਆਂ ਨੂੰ ਵੱਖਰੀ ਪਛਾਣ ਵੀ ਦਿਵਾਏਗੀ।
Sadhu Singh Dharamsot
ਸ. ਧਰਮਸੋਤ ਨੇ ਕਿਹਾ ਕਿ ਜੰਗਲਾਤ ਸੰਪਤੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰ ਤੋਂ ਇਲਾਵਾ ਹਰੇਕ ਨਾਗਰਿਕ ਦੀ ਵੀ ਹੈ। ਉਨਾਂ ਕਿਹਾ ਕਿ ਜੰਗਲਾਂ ਵਿੱਚ ਕੋਈ ਵੀ ਘਟਨਾ ਬਾਰੇ ਆਮ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਕੋਈ ਵੀ ਨਾਗਰਿਕ ‘ਆਈ ਰਖਵਾਲੀ ਐਪ’ ਡਾਊਨਲੋਡ ਕਰਕੇ ਇਹ ਮਾਮਲਾ ਸਬੰਧਤ ਵਣ ਮੰਡਲ ਅਫ਼ਸਰ ਦੇ ਧਿਆਨ ਵਿੱਚ ਲਿਆ ਸਕਦਾ ਹੈ ਅਤੇ ਪੰਜਾਬ ਦੀ ਹਰਿਆਵਲ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਸਕਦਾ ਹੈ।
I hariyali App
ਜੰਗਲਾਤ ਮੰਤਰੀ ਨੇ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ ’ਤੇ ਜਾ ਕੇ ਐਪ ਨੂੰ ਡਾਊਨਲੋਡ ਕੀਤਾ ਜਾ ਸਕੇਗਾ। ਲਾਗ ਇਨ ਕਰਨ ਮਗਰੋਂ ਤੁਸੀਂ ਆਪਣੀ ਸਕਰੀਨ ’ਤੇ ਇਕ ਸੂਚੀ ਦੇਖੋਗੇ ਕਿ ਤੁਸੀਂ ਕਿਸ ਕਿਸਮ ਦੇ ਨੁਕਸਾਨ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ। ਤੁਸੀਂ ਨੁਕਸਾਨ ਦਾ ਵਿਸ਼ਾ ਚੁਣ ਕੇ ਹੋਏ ਨੁਕਸਾਨ ਸਬੰਧੀ ਫੋਟੋਜ਼ ਵੀ ਅਪਲੋਡ ਕਰ ਸਕਦੇ ਹੋ।
I hariyali App
ਇਸ ’ਤੇ ਤੁਸੀਂ ਲਗਪਗ 20 ਕੁ ਸਕਿੰਟ ਦੀ ਵੀਡੀਓ ਵੀ ਅਪਲੋਡ ਕਰ ਸਕਦੇ ਹੋ। ਤੁਸੀਂ ਇਸ ਐਪ ’ਤੇ ਸਬੰਧਤ ਖੇਤਰ ਬਾਰੇ ਬੋਲ ਕੇ ਵੀ ਆਪਣਾ ਸੁਨੇਹਾ ਵਣ ਮੰਡਲ ਅਫ਼ਸਰ ਤੱਕ ਪਹੁੰਚਾ ਸਕਦੇ ਹੋ। ਸੂਚਨਾ ਤੁਰੰਤ ਸਬੰਧਤ ਡੀ.ਐਫ.ਓ/ਜ਼ਿਲਾ ਅਧਿਕਾਰੀ, ਸਬੰਧਤ ਗਾਰਡ ਤੱਕ ਪਹੁੰਚ ਜਾਵੇਗੀ। ਜਾਣਕਾਰੀ ਅਪਲੋਡ ਕਰਨ ਵਾਲੇ ਨਾਗਰਿਕ ਨੂੰ ਸਬੰਧਤ ਮਾਮਲੇ ’ਤੇ ਕੀ ਕਾਰਵਾਈ ਚੱਲ ਰਹੀ ਹੈ, ਸਬੰਧੀ ਜਾਣਕਾਰੀ ਮਿਲਦੀ ਰਹੇਗੀ।