
ਸੁਖਬੀਰ ਸਿੰਘ ਬਾਦਲ ਨੇ 25 ਸਾਲ ਤਕ ਅਕਾਲੀ ਦਲ ਦਾ ਪ੍ਰਧਾਨ ਬਣੇ ਰਹਿਣ ਲਈ ਦਿਲਚਸਪ ਫ਼ਾਰਮੂਲਾ ਲਭਿਆ
ਅਗਲੇ 10 ਸਾਲ ਆਪ ਪ੍ਰਧਾਨ ਰਹਿਣਗੇ, ਪੰਜ ਸਾਲ ਅਪਣੇ ਕਿਸੇ 'ਚੇਲੇ' ਨੂੰ ਪ੍ਰਧਾਨਗੀ ਫੜਾ ਕੇ 10 ਸਾਲ ਲਈ ਫਿਰ ਪ੍ਰਧਾਨ ਬਣ ਜਾਣਗੇ
ਚੰਡੀਗੜ੍ਹ, 2 ਸਤੰਬਰ (ਸ.ਸ.ਸ.) : ਅੱਜ ਸੁਖਬੀਰ ਸਿੰਘ ਬਾਦਲ ਨੇ ਇਕ ਦਿਲਚਸਪ ਫ਼ਾਰਮੂਲੇ ਬਾਰੇ ਪ੍ਰਗਟਾਵਾ ਕੀਤਾ ਜਿਸ ਅਧੀਨ ਸੁਖਬੀਰ ਬਾਦਲ ਨੇ ਅਗਲੇ 25 ਸਾਲ ਤਕ ਪਾਰਟੀ ਨੂੰ ਅਪਣੇ ਸ਼ਿਕੰਜੇ ਵਿਚ ਕੱਸ ਕੇ ਰੱਖਣ ਦਾ ਰਾਹ ਲੱਭ ਲਿਆ ਹੈ | ਫ਼ਾਰਮੂਲੇ ਅਧੀਨ, ਅਗਲੇ 10 ਸਾਲ ਸੁਖਬੀਰ ਬਾਦਲ ਹੀ ਪ੍ਰਧਾਨ ਰਹਿਣਗੇ, ਫਿਰ 5 ਸਾਲ ਲਈ ਕਿਸੇ 'ਚੇਲੇ' ਹੱਥ ਪਾਰਟੀ ਦੀਆਂ ਵਾਗਾਂ ਫੜਾ ਕੇ , ਫਿਰ 10 ਸਾਲ (2 ਟਰਮਾਂ) ਲਈ ਪ੍ਰਧਾਨ ਬਣ ਜਾਣਗੇ | ਨਾਲ ਹੀ ਇਸ ਫ਼ਾਰਮੂਲੇ ਅਧੀਨ ਅਕਾਲੀ ਦਲ ਦੇ 'ਪੰਥਕ' ਸਰੂਪ ਦੀ ਗੱਲ ਵੀ ਖੁੱਡੇ ਲਾਈਨ ਲਗਾ ਦਿਤੀ ਗਈ ਹੈ | ਪਰ ਰਸਮੀ ਤੌਰ 'ਤੇ ਕੁੱਝ ਐਲਾਨ ਅਜਿਹੇ ਵੀ ਕੀਤੇ ਹਨ ਜਿਨ੍ਹਾਂ ਦਾ ਮਕਸਦ ਅਸਲ ਫ਼ਾਰਮੂਲੇ ਦੇ ਸੱਚ ਨੂੰ ਇਨ੍ਹਾਂ ਐਲਾਨਾਂ ਹੇਠ ਛੁਪਾ ਲੈਣਾ ਹੈ |
ਇਨ੍ਹਾਂ ਅਨੁਸਾਰ, ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਹੁੰਦਿਆਂ ਤਬਦੀਲੀਆਂ ਦੇ ਇਸ ਪਹਿਲੇ ਦੌਰ ਦਾ ਐਲਾਨ ਇਕ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ, ਨੇ ਕਿਹਾ ਕਿ ਪਾਰਟੀ ਅਪਣੇ ਮੂਲ ਸਿਧਾਂਤਾਂ 'ਤੇ ਡਟੀ ਰਹੇਗੀ ਜਿਨ੍ਹਾਂ ਵਿਚ ਸਹੀ ਸੰਘੀ ਢਾਂਚੇ ਦੀ ਲੋੜ, ਸਮਾਜ ਦੇ ਸਾਰੇ ਵਰਗਾਂ ਨੂੰ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਗੁਰੂ ਸਾਹਿਬਾਨ ਦੇ ਦੱਸੇ ਸਿਧਾਂਤਾਂ 'ਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚਲਣਾ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰਨਾ ਸ਼ਾਮਲ ਹੈ |
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜੋ 102 ਸਾਲ ਪੁਰਾਣੀ ਪਾਰਟੀ ਹੈ ਜੋ ਗ਼ਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਅਤੇ ਨਾਲੋ-ਨਾਲ ਪੰਥ ਤੇ ਕੌਮ ਦੀ ਸੇਵਾ ਕਰਦੀ ਹੈ, ਪੰਜਾਬ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਦੀ ਪੂਰਤੀ ਵਾਸਤੇ ਕੰਮ ਕਰਦੀ ਰਹੇਗੀ | ਬਾਦਲ ਨੇ ਪੰਜਾਬੀਆਂ ਨੂੰ ਸੱਦਾ ਦਿਤਾ ਕਿ ਉਹ ਉਨ੍ਹਾਂ ਪਾਰਟੀਆਂ ਬਾਰੇ ਸਮਝਣ ਜੋ ਅਪਣੇ ਸੌੜੇ ਸਿਆਸੀ ਟੀਚਿਆਂ ਕਾਰਨ ਉਨ੍ਹਾਂ ਨੂੰ ਵੰਡਣਾ ਚਾਹੁੰਦੀਆਂ ਹਨ | ਉਨ੍ਹਾਂ ਨੇ ਪਾਰਟੀ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੀ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 50 ਫ਼ੀ ਸਦੀ ਸੀਟਾਂ ਉਨ੍ਹਾਂ ਪਾਰਟੀ ਵਰਕਰਾਂ ਲਈ ਰਾਖਵੀਆਂ ਹੋਣਗੀਆਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਤੇ ਇਸ ਤਰੀਕੇ ਨਵੀਂ ਪੀੜ੍ਹੀ ਦੇ ਆਗੂ ਤਿਆਰ ਕੀਤੇ ਜਾਣਗੇ |
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਹੁਣ ਤੋਂ ਇਕ ਪਰਵਾਰ ਇਕ ਟਿਕਟ ਦਾ ਸਿਧਾਂਤ ਲਾਗੂ ਕਰੇਗੀ | ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਸ੍ਰੀ ਹਰਚਰਨ ਬੈਂਸ ਅਤੇ ਸ. ਗੁਰਿੰਦਰ ਸਿੰਘ ਗੋਗੀ ਵੀ ਹਾਜ਼ਰ ਸਨ |
ਐਸਏਐਸ-ਨਰਿੰਦਰ-2-2ਏ