
64.9 ਕਿਲੋਮੀਟਰ ਸਾਇਕਲ ਰੈਲੀ ’ਚ 550 ਖਿਡਾਰੀਆਂ ਲੈਣਗੇ ਹਿੱਸਾ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਖੇਡ ਵਿਭਾਗ ਵੱਲੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਮਹਾਨ ਇਤਿਹਾਸਕ ਦਿਹਾੜੇ ਨੂੰ ਸਮਰਪਤ ਕਰਵਾਈ ਜਾਣ ਵਾਲੀ ਸਾਈਕਲ ਰੈਲੀ ਦੇ ਰੂਟ ਪਲਾਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ। 3 ਨਵੰਬਰ ਨੂੰ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤਕ ਕਰਵਾਈ ਜਾਣ ਵਾਲੀ ਇਸ ਰੈਲੀ ਦੇ ਰੂਟ ਨੂੰ ਪ੍ਰਵਾਨਗੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ ਗਈ।
Rana Gurmit Singh Sodhi approves cycle rally route from Amritsar to Dera Baba Nanak
ਮੀਟਿੰਗ ਉਪਰੰਤ ਵੇਰਵੇ ਜਾਰੀ ਕਰਦਿਆਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦਸਿਆ ਕਿ ਇਹ ਰੈਲੀ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਤੋਂ ਸ਼ੁਰੂ ਹੋ ਕੇ ਮਜੀਠਾ ਬਾਈਪਾਸ, ਫ਼ਤਿਹਗੜ੍ਹ ਚੂੜੀਆਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਪਹੁੰਚੇਗੀ। ਇਸ ਰੈਲੀ ਦੀ ਲੰਬਾਈ 64.9 ਕਿਲੋਮੀਟਰ ਬਣਦੀ ਹੈ ਅਤੇ ਇਸ ਵਿੱਚ 550 ਖਿਡਾਰੀਆਂ ਦੇ ਹਿੱਸਾ ਲੈਣਗੇ। ਹਰੇਕ 15 ਕਿਲੋ ਮੀਟਰ ਦੇ ਵਕਫੇ ਉਤੇ ਵਿਭਾਗ ਵੱਲੋਂ ਹਾਲਟ ਪੁਆਇੰਟ ਬਣਾਇਆ ਜਾਵੇਗਾ ਜਿਹੜਾ ਹਰ ਤਰਾਂ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ ਜਿਥੇ ਵਲੰਟੀਅਰ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਦੀ ਹਰ ਤਰਾਂ ਦੀ ਮੱਦਦ ਲਈ ਤਾਇਨਾਤ ਹੋਣਗੇ।
Rana Gurmit Singh Sodhi approves cycle rally route from Amritsar to Dera Baba Nanak
ਖੇਡ ਮੰਤਰੀ ਨੇ ਦਸਿਆ ਕਿ ਰੈਲੀ ਵਿਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਵਿਚੋਂ 100 ਦੇ ਕਰੀਬ ਸਾਈਕਲਿਸਟ ਸੂਬੇ ਦੇ ਸਾਈਕਲਿੰਗ ਕੋਚਿੰਗ ਸੈਂਟਰਾਂ ਤੋਂ ਹੋਣਗੇ। ਦੌੜ ਪੂਰੀ ਕਰਨ ਵਾਲੇ ਹਰੇਕ ਸਾਈਕਲਿਸਟ ਨੂੰ ਮੈਡਲ ਤੇ ਸਰਟੀਫਿਕੇਟ ਦੇ ਨਾਲ ਢੁਕਵੇਂ ਇਨਾਮ ਦਿੱਤੇ ਜਾਣਗੇ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਵਿਭਾਗ ਦੇ ਅਧਿਕਾਰੀਆਂ, ਕੋਚਾਂ ਤੋਂ ਇਲਾਵਾ ਐਨ.ਐਸ.ਐਸ. ਵਲੰਟੀਅਰ ਤੇ ਐਨ.ਸੀ.ਸੀ. ਕੈਡਿਟ ਵੀ ਸਹਿਯੋਗ ਦੇਣਗੇ। ਇਸ ਮੌਕੇ ਸ਼ੁਰੂਆਤੀ ਸਥਾਨ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਲਾਈਟ ਸਾਉਡ, ਵੱਡੀ ਸਕਰੀਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪੋਸਟਰਾਂ ਤੋਂ ਇਲਾਵਾ ਆਲੀਸ਼ਾਨ ਸਜਾਵਟ ਕੀਤੀ ਜਾਵੇਗੀ। ਇਸ ਥਾਂ ’ਤੇ ਵੱਡੇ ਫਿਲੈਕਸ ਵੀ ਲਾਏ ਜਾਣਗੇ।