
ਰੇਲ ਕੋਚ ਫ਼ੈਕਟਰੀ ਕਪੂਰਥਲਾ ਭਾਰਤੀ ਰੇਲ ਦੀ ਬੈਸਟ ਪੋ੍ਰਡਕਸ਼ਨ ਯੂਨਿਟ ਸ਼ੀਲਡ ਨਾਲ ਸਨਮਾਨਤ
ਕਪੂਰਥਲਾ, 3 ਜਨਵਰੀ (ਸਸਸ) : ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਸਾਲ 2020-21 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਰੇਲ ਦੀ ਬੈਸਟ ਪੋਡਕਸ਼ਨ ਯੂਨਿਟ ਸ਼ੀਲਡ ਨਾਲ ਨਿਵਾਜਿਆ ਗਿਆ ਹੈ | ਆਰਸੀਐੱਫ 66ਵੇਂ ਰਾਸ਼ਟਰੀ ਰੇਲ ਪੁਰਸਕਾਰ-2021 ਲਈ ਬਨਾਰਸ ਲੋਕੋਮੋਟਿਵ ਵਰਕਸ ਬਨਾਰਸ ਦੇ ਨਾਲ ਇਸ ਸ਼ੀਲਡ ਨੂੰ ਸੰਯੁਕਤ ਰੂਪ ਨਾਲ ਸਾਂਝਾ ਕਰੇਗਾ | ਇਹ ਮਾਣਮੱਤਾ ਸਨਮਾਨ ਸਾਲ 2013 ਤੋਂ ਬਾਅਦ ਆਰਸੀਐੱਫ ਨੂੰ ਦੂਜੀ ਵਾਰ ਮਿਲਿਆ ਹੈ | ਸਾਲ 2020-21 ਦੌਰਾਨ ਆਰਸੀਐੱਫ ਕਪੂਰਥਲਾ ਨੇ ਸਾਰੇ ਖੇਤਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 1500 ਰੇਲ ਡੱਬਿਆ ਦਾ ਨਿਰਮਾਣ ਕੀਤਾ ਜਿਸ 'ਚ 1497 ਐੱਲਐੱਚਬੀ ਡੱਬੇ ਸ਼ਾਮਲ ਸਨ | ਪਿਛਲੇ ਸਾਲ 2019-2020 'ਚ ਬਣਾਏ ਗਏ 928 ਐੱਲਐੱਚਬੀ ਡੱਬਿਆਂ ਦੀ ਤੁਲਨਾ 'ਚ 2020-21 ਵਿਚ ਐੱਲਐੱਚਬੀ ਕੋਚ ਉਤਪਾਦਨ ਵਿਚ 61 ਫ਼ੀਸਦੀ ਵਾਧਾ ਦਰਜ ਕੀਤਾ ਗਿਆ | ਆਰਸੀਐੱਫ ਨੇ 07.11.2020 ਨੂੰ ਪਹਿਲਾਂ ਤੋਂ ਚੱਲ ਰਹੇ ਤੇ ਆਰਸੀਐੱਫ 'ਚ ਬਣਾਏ ਪਾਰਸਲ ਵੈਨ ਦੇ ਡਿਜ਼ਾਈਨ 'ਚ ਕੁਝ ਅਹਿਮ ਬਦਲਾਅ ਲਿਆ ਕੇ ਤੇ ਟੀਅਰ ਵੇਟ ਨੂੰ 3 ਟਨ ਘੱਟ ਕਰ ਕੇ ਪਾਰਸਲ ਵੈਨ (ਐੱਲਵੀਪੀਐੱਚ ਮਾਰਕ-2) ਦਾ ਨਵਾਂ ਅਡੀਸ਼ਨ ਜਾਰੀ ਕੀਤਾ |
ਇਹ ਕੋਚ ਭਾਰੀ ਪਾਰਸਲ ਮਾਲ ਨੂੰ ਤੇਜ਼ ਗਤੀ ਨਾਲ ਲੈ ਜਾਣ ਲਈ ਪੂਰੀ ਤਰ੍ਹਾਂ ਸੰਪੰਨ ਹੈ ਤੇ ਇਸ ਤਰ੍ਹਾਂ ਪਾਰਸਲ ਕਾਰੋਬਾਰ ਲਈ ਇਕ ਨਵੀਂ ਪਹਿਲਕਦਮੀ ਕੀਤੀ |
ਇਸੇ ਸਾਲ ਆਰਸੀਐੱਫ ਵੱਲੋਂ ਨਵਾਂ ਏਸੀ ਥ੍ਰੀ ਟੀਅਰ ਇਕੋਨਾਮੀ ਕਲਾਸ ਡੱਬਿਆਂ ਦਾ ਰੈਕ 10.02.2021 ਨੂੰ ਆਰਸੀਐੱਫ ਤੋਂ ਰਵਾਨਾ ਕੀਤਾ ਗਿਆ ਜਿਸਦੇ ਹਰੇਕ ਡੱਬੇ 'ਚ 11 ਵਾਧੂ ਬਰਥਾਂ ਦਾ ਵਾਧਾ ਕਰ ਕੇ ਯਾਤਰੀ ਸਮਰਥਾ ਨੂੰ 72 ਤੋਂ 83 ਬਰਥ ਤਕ ਵਧਾਉਣ ਤੋਂ ਇਲਾਵਾ ਕਈ ਯਾਤਰੀ ਅਨੁਕੂਲ ਸਾਜੋ ਸਾਮਾਨ ਨੂੰ ਸ਼ਾਮਲ ਕੀਤਾ ਗਿਆ | ਨਾਲ ਹੀ ਕੋਵਿਡ ਡਰ ਦੇ ਖ਼ਿਲਾਫ਼ ਲੜਦੇ ਹੋਏ ਆਰਸੀਐੱਫ ਨੇ ਸਾਲ 2020-21 ਦੌਰਾਨ ਪੋਸਟ ਕੋਵਿਡ ਕੋਚ ਬਣਾਏ |