
ਉਤਰਾਖੰਡ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪ੍ਰਵਾਰਾਂ ਨੂੰ ਦਿਤੇ ਜਾਣਗੇ ਇਕ ਕਰੋੜ ਰੁਪਏ : ਕੇਜਰੀਵਾਲ
ਦੇਹਰਾਦੂਨ, 3 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਵਾਅਦਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜ ਦੀ ਸੱਤਾ ’ਚ ਆਉਂਦੀ ਹੈ ਤਾਂ ਉਤਰਾਖੰਡ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਦੇ ਪ੍ਰਵਾਰਾਂ ਨੂੰ ‘ਸਨਮਾਨ ਰਾਸ਼ੀ’ ਦੇ ਰੂਪ ਵਿਚ ਇਕ ਕਰੋੜ ਰੁਪਏ ਦਿਤੇ ਜਾਣਗੇ। ਕੇਜਰੀਵਾਲ ਨੇ 34-35 ਸਾਲ ਦੀ ਉਮਰ ਦੇ ਸੇਵਾਮੁਕਤ ਫ਼ੌਜੀਆਂ ਨੂੰ ਸਰਕਾਰ ਵਿਚ ਨੌਕਰੀ ਦੇਣ ਅਤੇ ਉਨ੍ਹਾਂ ਦੀ ਦੇਸ਼ਭਗਤੀ, ਫ਼ੌਜ ਕੁਸ਼ਲਤਾ ਅਤੇ ਅਨੁਸ਼ਾਸਨ ਦੀ ਪੂਰੀ ਵਰਤੋਂ ਕਰਦੇ ਹੋਏ ਇਕ ਨਵੇਂ ਉਤਰਾਖੰਡ ਦੇ ਨਿਰਮਾਣ ਵਿਚ ਹਿੱਸੇਦਾਰ ਬਣਾਉਣ ਦਾ ਵੀ ਵਾਅਦਾ ਕੀਤਾ।
ਉਨ੍ਹਾਂ ਨੇ ਇਥੇ ਪਰੇਡ ਗਰਾਊਂਡ ਵਿਚ ਪਾਰਟੀ ਦੀ ਉਤਰਾਖੰਡ ਨਵ ਨਿਰਮਾਣ ਰੈਲੀ ਵਿਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ,‘‘ਥਲ ਸੈਨਾ, ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਸ਼ਹੀਦ ਜਵਾਨਾਂ ਦੇ ਪ੍ਰਵਾਰਾਂ ਨੂੰ ਉਨ੍ਹਾਂ ਦੀ ਸ਼ਹਾਦਤ ਦੇ ਸਨਮਾਨ ਵਿਚ ਇਕ ਕਰੋੜ ਰੁਪਏ ਸਨਮਾਨ ਰਾਸ਼ੀ ਦੇ ਰੂਪ ਵਿਚ ਦਿਤੇ ਜਾਣਗੇ।’’ ਕੇਜਰੀਵਾਲ ਨੇ ਕਿਹਾ ਕਿ ਹਥਿਆਰਬੰਦ ਫ਼ੋਰਸਾਂ ਵਿਚ ਸਭ ਤੋਂ ਵੱਡੀ ਹਿੱਸੇਦਾਰੀ ਉਤਰਾਖੰਡ ਦੀ ਹੈ ਅਤੇ ਜੇਕਰ ਫ਼ੌਜੀ ਅਪਣਾ ਮਨ ਬਣਾ ਲੈਣ ਤਾਂ ਸੂਬੇ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। (ਪੀਟੀਆਈ)