
ਸੁਖਬੀਰ ਤੱਥਾਂ ਸਹਿਤ ਦੱਸਣ ਕਿ ਇਹ ਬਜਟ ਕਿਸਾਨ ਤੇ ਗਰੀਬ ਪੱਖੀ ਕਿਵੇਂ ਹੈ- ਹਰਦਿਆਲ ਕੰਬੋਜ
ਚੰਡੀਗੜ੍ਹ : ਸੀ.ਐਪ.ਪੀ ਦੇ ਚੀਫ਼ ਵਿਪ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਨਵਾਂ ਕੇਂਦਰੀ ਬਜਟ ਕਿਸਾਨ ਤੇ ਗਰੀਬ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੰਦੀ ਤੇ ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬਾਂ ਅਤੇ ਕਿਸਾਨਾਂ ਕੇਂਦਰ ਸਰਕਾਰ ਦੇ ਨਵੇਂ ਬਜਟ ਦਾ ਕੋਈ ਲਾਭ ਨਹੀਂ ਹੋਵੇਗਾ।
File Photo
ਹਰਦਿਆਲ ਕੰਬੋਜ ਨੇ ਕਿਹਾ ਕਿ ਕੇਂਦਰੀ ਬਜਟ 2020-21 ਨੂੰ ਕਿਸਾਨ ਤੇ ਗਰੀਬ ਪੱਖੀ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਥਾਂ ਸਹਿਤ ਦੱਸਣ ਕਿ ਇਹ ਬਜਟ ਕਿਸਾਨ ਅਤੇ ਗਰੀਬ ਪੱਖੀ ਕਿਵੇਂ ਹੈ? ਹਰਦਿਆਲ ਸਿੰਘ ਕੰਬੋਜ ਅਨੁਸਾਰ ਸੁਖਬੀਰ ਬਾਦਲ ਭਾਜਪਾ ਦੇ ਮੋਹ ਵਿੱਚ ਸਿਰਫ ਉਹੀ ਬਿਆਨ ਦਿੰਦੇ ਹਨ ਜੋ ਭਾਜਪਾ ਨੂੰ ਚੰਗੇ ਲੱਗਣ ਅਤੇ ਅਜਿਹੇ ਬਿਆਨ ਦਾਗਣ ਲੱਗਿਆਂ ਉਹ ਪੰਜਾਬ ਦੇ ਹਿੱਤਾਂ ਨੂੰ ਵੀ ਭੁੱਲ ਜਾਂਦੇ ਹਨ।
File Photo
ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਮਹਿਜ਼ ਬਾਦਲ ਪਰਿਵਾਰ ਨੂੰ ਕੇਂਦਰ ਵਿੱਚ ਮਿਲੀ ਵਜੀਰੀ ਬਚਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਕਿਸੇ ਵੀ ਹੱਦ ਤੱਕ ਖੂੰਜੇ ਲਾ ਸਕਦੇ ਹਨ। ਵਿਧਾਇਕ ਕੰਬੋਜ ਨੇ ਕਿਹਾ ਕਿ ਕੇਂਦਰੀ ਮੰਡਲ ਵਿੱਚ ਭਾਗੀਦਾਰ ਹੋਣ ਦੇ ਬਾਵਜੂਦ ਪੰਜਾਬ ਦੇ ਤਿੰਨਾਂ ਮੰਤਰੀਆਂ ਵਿੱਚੋਂ ਕਿਸੇ ਨੇ ਵੀ ਪੰਜਾਬ ਜਾਂ ਦੇਸ਼ ਭਰ ਵਿੱਚ ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਗਰੀਬੀ ਖਤਮ ਕਰਨ ਦਾ ਮੁੱਦਾ ਨਹੀਂ ਚੁੱਕਿਆ।
File Photo
ਉਨ੍ਹਾਂ ਕਿਹਾ ਕਿ ਖੁਦ ਨੂੰ ਪੰਜਾਬ ਪੱਖੀ ਅਖਵਾਉਣ ਵਾਲੇ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਉਸ ਵੇਲੇ ਕਿੱਥੇ ਸੀ ਜਦੋਂ ਇਸ ਬਜਟ ਵਿੱਚ ਪੰਜਾਬ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ। ਕੰਬੋਜ ਅਨੁਸਾਰ ਬਜਟ ਵਿੱਚ ਐਮ.ਐਸ.ਪੀ. ਤੋਂ ਬਿਨਾਂ ਵਾਲੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਲਈ ਕੁਝ ਨਹੀਂ ਹੈ ਅਤੇ ਇਸ ਤੋਂ ਬਿਨਾਂ ਫਸਲੀ ਵਿਭਿੰਨਤਾ ਦਾ ਆਉਣਾ ਸੰਭਵ ਨਹੀਂ ਹੈ।