
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਅਤੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਮਹਿਲ ਕਲਾਂ ਤੋਂ ਵਿਧਾਇਕ...
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਅਤੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ਲੋਕਾਂ ਨੂੰ ਬੇਵਕੂਫ਼ ਬਣਾਉਣ ਦੇ ਮਨਸੂਬੇ ਨਾਲ ਕੀਤੇ ਜਾ ਰਹੇ ਉਦਘਾਟਨ ਸਮਾਰੋਹਾਂ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਸਭ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਕੀਤੇ ਜਾ ਰਹੇ ਕਾਰਜ ਹਨ।
ਆਪ ਆਗੂਆਂ ਨੇ ਕਿਹਾ ਕਿ ਇਨ੍ਹਾਂ ਉਦਘਾਟਨੀ ਸਮਾਰੋਹਾਂ ਦੌਰਾਨ ਕੀਤੇ ਜਾ ਰਹੇ ਵਾਅਦੇ ਕਦੇ ਵੀ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਸਤੀ ਸ਼ੌਹਰਤ ਹਾਸਲ ਕਰਨ ਦੀ ਕੋਸ਼ਿਸ਼ 'ਚ ਹੈ। 'ਆਪ' ਆਗੂਆਂ ਨੇ ਕਿਹਾ ਕਿ ਕਾਂਗਰਸ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ ਵਾਂਗ ਲੋਕਾਂ ਨਾਲ ਝੂਠ ਬੋਲ ਰਹੀ ਹੈ ਅਤੇ ਸਾਰਾ ਕੁੱਝ ਰਾਜਨੀਤਿਕ ਫ਼ਾਇਦਾ ਲੈਣ ਲਈ ਕਰ ਰਹੀ ਹੈ।
Kulwant Singh Pandoriਕਾਂਗਰਸੀ ਆਗੂ ਝੂਠੇ ਉਦਘਾਟਨ ਕਰਨ 'ਚ ਮਸਰੂਫ਼ : ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ 'ਆਪ' ਲੀਡਰਾਂ ਨੇ ਕਿਹਾ ਕਿ 2017 ਤੋਂ ਲੈ ਕੇ ਹੁਣ ਤੱਕ ਸਰਕਾਰ ਦੇ ਨੁਮਾਇੰਦੇ ਗੂੜ੍ਹੀ ਨੀਂਦ ਵਿੱਚ ਸੁੱਤੇ ਸਨ ਪਰ ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਉਹ ਵੱਖ-ਵੱਖ ਪ੍ਰਾਜੈਕਟਾਂ ਦੇ ਝੂਠੇ ਉਦਘਾਟਨ ਕਰਨ 'ਚ ਮਸਰੂਫ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਦਘਾਟਨੀ ਸਮਾਰੋਹਾਂ ਨਾਲ ਜਨਤਾ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ ਸਗੋਂ ਸਰਕਾਰੀ ਖ਼ਜ਼ਾਨੇ ਵਿੱਚੋਂ ਇਨ੍ਹਾਂ ਉਦਘਾਟਨੀ ਸਮਾਰੋਹਾਂ ਉੱਤੇ ਕੀਤਾ ਜਾ ਰਿਹਾ ਖ਼ਰਚ ਵੀ ਲੋਕਾਂ ਦੀ ਜੇਬ ਵਿੱਚੋਂ ਕੱਢਿਆ ਜਾ ਰਿਹਾ ਹੈ।
ਭਲਾਈ ਸਕੀਮਾਂ ਦੀ ਰਾਸ਼ੀ ਛੇਤੀ ਜਾਰੀ ਕੀਤੀ ਜਾਵੇ : 'ਆਪ' ਵਿਧਾਇਕਾਂ ਨੇ ਕਿਹਾ ਕਿ ਚੰਗਾ ਹੁੰਦਾ ਕਿ ਸਰਕਾਰ ਇਨ੍ਹਾਂ ਝੂਠੇ ਉਦਘਾਟਨੀ ਸਮਾਰੋਹਾਂ ਉੱਤੇ ਜਨਤਾ ਦੇ ਪੈਸੇ ਖ਼ਰਚ ਕਰ ਕੇ ਚੋਣਾਂ ਜਿੱਤਣ ਦੇ ਮਨਸੂਬੇ ਬਣਾਉਣ ਨਾਲੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਬਾਰੇ ਸੋਚਦੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗ਼ਰੀਬ ਅਤੇ ਦਲਿਤ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਸਮਾਜਕ ਸਕੀਮਾਂ ਦੀਆਂ ਬਕਾਇਆ ਰਾਸ਼ੀਆਂ ਦਾ ਭੁਗਤਾਨ ਛੇਤੀ ਤੋਂ ਛੇਤੀ ਕਰੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਹ ਕਾਰਜ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਨੇਪਰੇ ਚਾੜ੍ਹੇ। ਉਨ੍ਹਾਂ ਕਿਹਾ ਕਿ ਸਰਕਾਰ ਗੰਨਾ ਉਤਪਾਦਕਾਂ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਨਰੇਗਾ ਕਾਮਿਆਂ ਦੀ ਬਕਾਇਆ ਰਾਸ਼ੀ ਅਤੇ ਸ਼ਗਨ ਸਕੀਮ ਸਮੇਤ ਹੋਰ ਭਲਾਈ ਸਕੀਮਾਂ ਦੀ ਰਾਸ਼ੀ ਛੇਤੀ ਤੋਂ ਛੇਤੀ ਜਾਰੀ ਕਰੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਜਲੀ ਦੇ ਵਧੇ ਹੋਏ ਬਿੱਲਾਂ ਉੱਤੇ ਕਾਰਵਾਈ ਕਰਦਿਆਂ ਲੋਕਾਂ ਨੂੰ ਰਾਹਤ ਦੇਵੇ।